ਕਾਲਾਂਵਾਲੀ/ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)- ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕਾਲਾਂਵਾਲੀ ਥਾਣਾ ਇੰਚਾਰਜ ਰਾਮਫਲ ਅਤੇ ਜ਼ਿਲ੍ਹਾ ਡਰੱਗ ਅਫਸਰ ਕੇਸ਼ਵ ਵਿਸ਼ਿਸ਼ਟ ਨੇ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵੇਦ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਮੈਡੀਕਲ ਸਟੋਰ ਸੰਚਾਲਕਾਂ ਨਾਲ ਇਕ ਮੀਟਿੰਗ ਕੀਤੀ | ਇਸ ਮੌਕੇ ਐਸਡੀਐਮ ਦਫ਼ਤਰ ਦੇ ਡਿਪਟੀ ਸੁਪਰਡੈਂਟ ਦਲੀਪ ਯਾਦਵ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕਾਲਾਂਵਾਲੀ ਦੇ ਥਾਣਾ ਇੰਚਾਰਜ ਰਾਮਫਲ ਨੇ ਕਿਹਾ ਕਿ ਇਲਾਕੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ | ਸਮਾਜ ਵਿਚ ਨਸ਼ੇ ਦੇ ਵਧ ਰਹੇ ਰੁਝਾਨ ਨੂੰ ਰੋਕਣ ਅਤੇ ਨੌਜਵਾਨਾਂ ਨੂੰ ਇਸਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਨਸ਼ਾ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਆਮ ਲੋਕਾਂ ਨੂੰ ਇਸ ਕੰਮ ਵਿੱਚ ਸਾਡਾ ਸਾਥ ਦੇਣ ਦੀ ਅਪੀਲ ਕੀਤੀ | ਉਨ੍ਹਾਂ ਨੇ ਨਸ਼ੇ ਦੀ ਆਦਤ ਕਾਰਨ ਹੋਣ ਵਾਲੇ ਸਮਾਜਿਕ, ਮਾਨਸਿਕ, ਸਰੀਰਕ ਅਤੇ ਆਰਥਿਕ ਨੁਕਸਾਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਤਬਾਹ ਕਰ ਦਿੰਦਾ ਹੈ | ਨਸ਼ਾ ਅਪਰਾਧ ਦੀ ਜੜ੍ਹ ਹੈ | ਨਸ਼ੇ ਦੀ ਆਦਤ ਕਾਰਨ ਚੋਰੀ, ਡਕੈਤੀ, ਘਰੇਲੂ ਹਿੰਸਾ, ਸੜਕ ਹਾਦਸੇ ਅਤੇ ਕਤਲ ਵਰਗੇ ਅਪਰਾਧ ਵਧਦੇ ਹਨ | ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਵਿਅਕਤੀ ਵੱਲੋਂ ਨਸ਼ੇ ਵੇਚਣ ਜਾਂ ਸੇਵਨ ਕਰਨ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਅਤੇ ਡਰੱਗ ਵਿਭਾਗ ਨੂੰ ਸੂਚਿਤ ਕੀਤਾ ਜਾਵੇ | ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ | ਜ਼ਿਲ੍ਹਾ ਡਰੱਗ ਅਫ਼ਸਰ ਕੇਸ਼ਵ ਵਿਸ਼ਿਸ਼ਟ ਨੇ ਕਿਹਾ ਕਿ ਸਰਕਾਰ ਨਸ਼ੇ ਪ੍ਰਤੀ ਗੰਭੀਰ ਹੈ | ਵਿਭਾਗ ਨੇ ਨਸ਼ੇ ਲਈ ਵਰਤੀਆਂ ਜਾਂਦੀਆਂ ਗੋਲੀਆਂ ਅਤੇ ਕੈਪਸੂਲ ਵੇਚਣ ਵਾਲੇ ਮੈਡੀਕਲ ਸਟੋਰਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ | ਇਸ ਮੌਕੇ ਦਵਿੰਦਰ ਗੁਪਤਾ, ਹਰਪ੍ਰੀਤ ਸਿੰਘ, ਕਾਕਾ ਸਿੰਘ, ਬੰਟੀ ਵਧਵਾ, ਰਾਜੀਵ ਗਰਗ, ਸੰਜੇ ਗਾਬਾ, ਮਹੇਸ਼ ਗਰਗ, ਅੰਮਿ੍ਤ ਗੋਇਲ, ਵਿਨੋਦ ਕੁਮਾਰ, ਅਕਸ਼ੈ ਨਾਰੰਗ, ਸੰਦੀਪ ਕੁਮਾਰ, ਮੁਕੇਸ਼ ਕੁਮਾਰ, ਸੁਰੇਂਦਰ ਮੱਕੜ, ਦੀਪਕ ਬਾਂਸਲ, ਲਵਪ੍ਰੀਤ ਆਦਿ ਮੌਜੂਦ ਸਨ |