ਕਾਲਾਂਵਾਲੀ/ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ, ਇਹ ਪੈਗ਼ਾਮ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਸ਼ੇਸ਼ ਤੌਰ 'ਤੇ ਭੇਜਿਆ ਹੈ ਅਤੇ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਕਾਲਾਂਵਾਲੀ ਸਬ-ਡਿਵੀਜ਼ਨ ਨੂੰ ਤੋੜਿਆ ਨਹੀਂ ਜਾਵੇਗਾ | ਕਾਲਾਂਵਾਲੀ ਵਿਚ ਵਿਕਾਸ ਦੀ ਕੋਈ ਕਮੀ ਨਹੀਂ ਹੋਵੇਗੀ | ਇਹ ਵਿਚਾਰ ਰਾਜ ਦੇ ਪੰਚਾਇਤ ਮੰਤਰੀ ਕਿ੍ਸ਼ਨ ਪੰਵਾਰ ਨੇ ਕਾਲਾਂਵਾਲੀ ਨਗਰ ਪਾਲਿਕਾ ਚੋਣਾਂ ਵਿੱਚ ਪ੍ਰਧਾਨ ਅਹੁਦੇ ਦੇ ਭਾਜਪਾ ਦੇ ਉਮੀਦਵਾਰ ਸੁਨੀਲ ਗਰਗ ਟੀਸ਼ੂ ਦੇ ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਪੂਰੇ ਸੂਬੇ ਵਿਚ ਵਿਕਾਸ ਕੀਤਾ ਹੈ | ਸਰਕਾਰ ਨੇ ਕਾਲਾਂਵਾਲੀ ਨੂੰ ਸਬ-ਡਿਵੀਜ਼ਨ ਦਾ ਦਰਜਾ ਦਿੱਤਾ ਅਤੇ ਇੱਕ ਕਾਲਜ ਬਣਾਇਆ, ਹਸਪਤਾਲ ਦਾ ਦਰਜਾ ਵਧਾਇਆ ਅਤੇ ਇੱਕ ਰੇਲਵੇ ਪੁਲ ਬਣਾਇਆ | ਜਦੋਂ ਕਿ ਕਾਂਗਰਸ ਸਰਕਾਰ ਨੇ ਇਸ ਖੇਤਰ ਨਾਲ ਵਿਤਕਰੇ ਦਾ ਰੁਖ਼ ਅਪਣਾਇਆ ਅਤੇ ਵਿਕਾਸ ਦੇ ਨਾਮ 'ਤੇ ਕੁਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਤੁਹਾਨੂੰ ਕਾਲਾਂਵਾਲੀ ਵਿੱਚ ਭਾਜਪਾ ਨੂੰ ਜੇਤੂ ਬਣਾਉਣਾ ਚਾਹੀਦਾ ਹੈ ਅਤੇ ਟਿ੍ਪਲ ਇੰਜਣ ਸਰਕਾਰ ਬਣਾਉਣਾ ਚਾਹੀਦਾ ਹੈ, ਉਸ ਤੋਂ ਬਾਅਦ ਦੇਖੋ ਕਿ ਜੋ ਕੰਮ ਅਧੂਰਾ ਰਹਿ ਗਿਆ ਹੈ ਉਹ ਤੁਰੰਤ ਪੂਰਾ ਹੋ ਜਾਵੇ | ਪੰਚਾਇਤ ਮੰਤਰੀ ਕਿ੍ਸ਼ਨ ਪੰਵਾਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਰੇ ਵਰਗਾਂ ਲਈ ਲੋਕ ਭਲਾਈ ਨੀਤੀਆਂ ਬਣਾਈਆਂ ਹਨ ਤਾਂ ਜੋ ਸਾਰੇ ਵਰਗਾਂ ਨੂੰ ਲਾਭ ਮਿਲ ਸਕੇ | ਭਾਜਪਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਨੇ ਕਿਹਾ ਕਿ ਭਾਜਪਾ ਪੂਰੀ ਤਾਕਤ ਨਾਲ ਚੋਣਾਂ ਲੜ ਰਹੀ ਹੈ, ਸਾਰੇ ਵਰਕਰ ਇਕਜੁੱਟ ਹੋ ਕੇ ਚੋਣਾਂ ਲੜ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਜੋ ਗਲਤੀ ਕੀਤੀ ਹੈ, ਉਹ ਇਸ ਚੋਣ ਵਿੱਚ ਨਹੀਂ ਹੋਣੀ ਚਾਹੀਦੀ | ਚੋਣਾਂ ਵਿੱਚ ਭਾਜਪਾ ਨੂੰ ਜੇਤੂ ਬਣਾਓ ਅਤੇ ਟਿ੍ਪਲ ਇੰਜਣ ਸਰਕਾਰ ਬਣਾਓ ਤਾਂ ਜੋ ਸ਼ਹਿਰ ਦਾ ਹੋਰ ਵਿਕਾਸ ਹੋ ਸਕੇ | ਸਰਕਾਰ ਨੇ ਪਹਿਲਾਂ ਵੀ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕੀਤਾ ਹੈ, ਪਰ ਜਦੋਂ ਤੁਹਾਡੀ ਆਪਣੀ ਸਰਕਾਰ ਬਣੇਗੀ ਤਾਂ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਵੇਗੀ | ਸ਼ਹਿਰ ਦੇ ਵਿਕਾਸ ਲਈ ਭਾਜਪਾ ਨੂੰ ਜੇਤੂ ਬਣਾਓ | ਇਸ ਮੌਕੇ ਭਾਜਪਾ ਆਗੂ ਰਜਿੰਦਰ ਸਿੰਘ ਦੇਸੂਜੋਧਾ, ਡਾ. ਭੀਮ ਸੈਨ ਸ਼ਰਮਾ, ਵੇਦ ਫੂਲਾ, ਲਵਲੀ ਗਰਗ, ਡਾ. ਸੰਜੀਵ ਸਿੰਗਲਾ, ਨਿਤਾਸ਼ਾ ਸਿਹਾਗ, ਸੰਜੇ ਗਾਬਾ, ਓਮਪ੍ਰਕਾਸ਼ ਵਾਜਪਾਈ, ਰਾਜੂ ਸੋਨੀ, ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਪਜਾ ਆਗੂ ਅਤੇ ਵਰਕਰ ਮੌਜੂਦ ਸਨ |