19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੂਬੇ 'ਚ ਮੂੰਹ-ਖੁਰ ਦੀ ਬਿਮਾਰੀ ਤੇ ਐਂਥ੍ਰੈਕਸ ਵਿਰੁੱਧ ਸਾਂਝੀ ਟੀਕਾਕਰਨ ਮੁਹਿੰਮ 1 ਮਹੀਨੇ ਚੱਲੇਗੀ : ਖੇਤੀਬਾੜੀ ਮੰਤਰੀ

ਅਜੀਤ ਡੈਸਕ 24-10-2025
ਯਮੁਨਾਨਗਰ, 23 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਪਸ਼ੂ-ਪਾਲਣ ਤੇ ਡੇਅਰੀ ਵਿਭਾਗ ਵਲੋਂ ਰਾਦੌਰ ਦੇ ਪਸ਼ੂ ਹਸਪਤਾਲ ਵਿਖੇ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਮੂੰਹ-ਖੁਰ ਦੀ ਬਿਮਾਰੀ ਤੇ ਐਂਥ੍ਰੈਕਸ ਵਿਰੁੱਧ ਰਾਜ ਪੱਧਰੀ ਸਾਂਝੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਮੱਛੀ-ਪਾਲਣ, ਪਸ਼ੂ-ਪਾਲਣ ਅਤੇ ਡੇਅਰੀ ਵਿਭਾਗ ਦੇ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਪਸ਼ੂ-ਪਾਲਣ ਤੇ ਡੇਅਰੀ ਵਿਭਾਗ ਦੇ ਡਾਇਰੈਕਟਰ ਡਾ. ਪ੍ਰੇਮ ਸਿੰਘ ਨੇ ਕੀਤੀ | ਇਸ ਮੌਕੇ ਪਸ਼ੂ-ਪਾਲਣ ਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦਾ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਮੁਹਿੰਮ ਬਾਰੇ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਰਾਣਾ ਨੇ ਕਿਹਾ ਕਿ ਪਸ਼ੂ ਖੇਤੀਬਾੜੀ ਖੇਤਰ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਦਕਿ ਪਸ਼ੂ-ਪਾਲਣ ਦਾ ਕਿੱਤਾ ਕਿਸਾਨਾਂ ਦੀ ਮਿਹਨਤ ਤੇ ਆਮਦਨ 'ਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ | ਉਨ੍ਹਾਂ ਕਿਹਾ ਕਿ ਇਹ ਟੀਕਾਕਰਨ ਮੁਹਿੰਮ ਰਾਜ ਦੇ ਹਰ ਜ਼ਿਲ੍ਹੇ 'ਚ 1 ਮਹੀਨੇ ਤੱਕ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਸ਼ੂ-ਪਾਲਣ ਵਿਭਾਗ ਦੇ ਡਾਕਟਰ ਤੇ ਮੈਡੀਕਲ ਸਹਾਇਕ ਪਿੰਡਾਂ ਦਾ ਦੌਰਾ ਕਰਨਗੇ ਅਤੇ ਚਾਰ ਮਹੀਨਿਆਂ ਤੋਂ ਵੱਧ ਉਮਰ ਦੀਆਂ ਸਾਰੀਆਂ ਗਾਵਾਂ ਅਤੇ ਮੱਝਾਂ ਦਾ ਮੁਫ਼ਤ 'ਚ ਟੀਕਾਕਰਨ ਕਰਨਗੇ | ਉਨ੍ਹਾਂ ਵੈਟਰਨਰੀ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਇਸ ਮੁਹਿੰਮ ਤਹਿਤ ਕੋਈ ਵੀ ਪਸ਼ੂ ਟੀਕਾਕਰਨ ਤੋਂ ਵਾਂਝਾ ਨਾ ਰਹੇ | ਉਨ੍ਹਾਂ ਹਦਾਇਤ ਦਿੱਤੀ ਕਿ ਟੀਕਾਕਰਨ ਤੋਂ ਪਹਿਲਾਂ ਪਿੰਡਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਸੰਬੰਧਤ ਪਿੰਡਾਂ ਦੇ ਸਰਪੰਚ ਅਤੇ ਹੋਰਨਾਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਪਸ਼ੂ-ਪਾਲਕ ਜਨਤਕ ਘੋਸ਼ਣਾਵਾਂ ਰਾਹੀਂ ਟੀਕਾਕਰਨ ਬਾਰੇ ਪਹਿਲਾਂ ਜਾਣਕਾਰੀ ਪ੍ਰਾਪਤ ਕਰ ਸਕਣ | ਉਨ੍ਹਾਂ ਕਿਹਾ ਕਿ ਇਕ ਵਾਰ ਪੂਰੇ ਪਿੰਡ ਦੇ ਪਸ਼ੂਆਂ ਦਾ ਟੀਕਾਕਰਨ ਹੋਣ ਤੋਂ ਬਾਅਦ ਇਹ ਯਕੀਨੀ ਬਣਾਇਆ ਜਾਵੇ ਕਿ ਪਿੰਡ ਦਾ ਸਰਪੰਚ ਇਹ ਤਸਦੀਕ ਕਰੇਗਾ ਕਿ ਕੋਈ ਵੀ ਪਸ਼ੂ ਟੀਕਾਕਰਨ ਤੋਂ ਵਾਂਝਾ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਉਕਤ ਦੋਵਾਂ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਪਹਿਲਾਂ ਪਸ਼ੂ-ਪਾਲਣ ਵਿਭਾਗ ਸਾਲ 'ਚ ਚਾਰ ਵਾਰ ਦੋ ਵੱਖ-ਵੱਖ ਟੀਕੇ ਲਗਾਉਂਦਾ ਸੀ ਜਦਕਿ ਹੁਣ ਸਾਲ 'ਚ ਸਿਰਫ਼ ਦੋ ਟੀਕਿਆਂ ਨਾਲ ਇਨ੍ਹਾਂ ਦੋਵਾਂ ਖ਼ਤਰਨਾਕ ਬਿਮਾਰੀਆਂ ਤੋਂ ਪਸ਼ੂਆਂ ਦਾ ਬਚਾਅ ਹੋ ਜਾਂਦਾ ਹੈ | ਉਨ੍ਹਾਂ ਰਾਜ ਦੇ ਸਾਰੇ ਪਸ਼ੂ-ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ | ਇਸੇ ਦੌਰਾਨ ਪਸ਼ੂ-ਪਾਲਣ ਤੇ ਡੇਅਰੀ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਪ੍ਰੇਮ ਸਿੰਘ ਨੇ ਦੱਸਿਆ ਕਿ ਮੂੰਹ-ਖੁਰ ਦੀ ਬਿਮਾਰੀ ਇਕ ਵਾਇਰਸ ਕਾਰਨ ਹੁੰਦੀ ਹੈ ਜਿਸ ਕਾਰਨ ਪਸ਼ੂਆਂ ਦੇ ਮੂੰਹ ਅਤੇ ਖੁਰਾਂ 'ਤੇ ਛਾਲੇ ਪੈ ਜਾਂਦੇ ਹਨ ਤੇ ਉਹ ਖਾਣਾ-ਪੀਣਾ ਬੰਦ ਕਰ ਦਿੰਦੇ ਹਨ | ਇਸ ਬਿਮਾਰੀ 'ਚ ਪਸ਼ੂਆਂ ਨੂੰ ਤੇਜ਼ ਬੁਖਾਰ ਹੁੰਦਾ ਹੈ, ਜੋ ਕਿ ਦੁੱਧ ਉਤਪਾਦਨ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ | ਉਨ੍ਹਾਂ ਕਿਹਾ ਕਿ ਗਲਾ ਘੁਟਣ ਦੀ ਬਿਮਾਰੀ ਇਕ ਬੈਕਟੀਰੀਆ ਕਾਰਨ ਹੁੰਦੀ ਹੈ ਅਤੇ ਇਸ ਬਿਮਾਰੀ ਵਾਲੇ ਪਸ਼ੂ ਦੇ ਗਲੇ 'ਚ ਸੋਜ਼ ਆਉਣ ਕਾਰਨ ਉਸ ਨੂੰ ਸਾਹ ਲੈਣ 'ਚ ਮੁਸ਼ਕਿਲ ਆਉਂਦੀ ਹੈ | ਉਨ੍ਹਾਂ ਕਿਹਾ ਕਿ ਇਹ ਬਿਮਾਰੀ ਘੰਟਿਆਂ ਦੇ ਅੰਦਰ-ਅੰਦਰ ਪਸ਼ੂ ਦੀ ਮੌਤ ਦਾ ਕਾਰਨ ਬਣ ਸਕਦੀ ਹੈ | ਉਨ੍ਹਾਂ ਕਿਹਾ ਕਿ ਉਕਤ ਦੋਵੇਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ, ਜੋ ਪੂਰੇ ਪਿੰਡ ਨੂੰ ਆਪਣੀ ਲਪੇਟ 'ਚ ਲੈ ਸਕਦੀਆਂ ਹਨ | ਉਨ੍ਹਾਂ ਖੇਤੀਬਾੜੀ ਮੰਤਰੀ ਨੂੰ ਭਰੋਸਾ ਦਿੱਤਾ ਕਿ ਪਸ਼ੂ-ਪਾਲਣ ਤੇ ਡੇਅਰੀ ਵਿਭਾਗ ਨੇ ਮੂੰਹ-ਖੁਰ ਦੀ ਬਿਮਾਰੀ ਅਤੇ ਐਂਥ੍ਰੈਕਸ ਵਿਰੁੱਧ ਰਾਜ ਪੱਧਰੀ ਸਾਂਝੀ ਟੀਕਾਕਰਨ ਮੁਹਿੰਮ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਤੇ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦਾ ਟੀਕਾਕਰਨ ਕਰਨਗੀਆਂ | ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ ਜ਼ਿਲਿ੍ਹਆਂ 'ਚ ਪਸ਼ੂਆਂ ਦਾ ਟੀਕਾਕਰਨ 1 ਮਹੀਨੇ ਦੇ ਅੰਦਰ-ਅੰਦਰ ਪੂਰਾ ਕਰ ਲਿਆ ਜਾਵੇਗਾ | ਇਸ ਮੌਕੇ ਰਾਦੌਰ ਦੇ ਐਸ. ਡੀ. ਐਮ. ਨਰਿੰਦਰ ਸਿੰਘ, ਪਸ਼ੂ-ਪਾਲਣ ਤੇ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਤਬੀਰ ਸਿੰਘ, ਡਾ. ਵਿਜੇ ਕੁਮਾਰ, ਡੀ. ਪੀ. ਆਰ. ਓ. ਡਾ. ਮਨੋਜ ਕੁਮਾਰ, ਮਾਰਕੀਟ ਕਮੇਟੀ ਦੇ ਚੇਅਰਮੈਨ ਰੁਪਿੰਦਰ ਸਿੰਘ, ਰਾਦੌਰ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਹਿਤਾ ਤੇ ਸਤੀਸ਼ ਸੈਣੀ ਸਮੇਤ ਪਸ਼ੂ-ਪਾਲਣ ਤੇ ਡੇਅਰੀ ਵਿਭਾਗ ਦੇ ਅਧਿਕਾਰੀ ਤੇ ਸੀਨੀਅਰ ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਜਥੇ. ਸੁਖਸਾਗਰ ਸਿੰਘ ਦੇ ਘਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।