ਗੂਹਲਾ ਚੀਕਾ, 5 ਨਵੰਬਰ (ਓ.ਪੀ. ਸੈਣੀ)-ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਇੱਥੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ 6ਵੀਂ ਅਤੇ 9ਵੀਂ ਪਾਤਸ਼ਾਹੀ ਚੀਕਾ ਵਿਖੇ ਹਾਜ਼ਰੀ ਭਰਰੀ | ਉਨ੍ਹਾਂ ਦੇ ਨਾਲ ਹਰਿਆਣਾ ਕਮੇਟੀ ਦੇ ਮੈਂਬਰ ਮੇਜਰ ਸਿੰਘ ਅਤੇ ਹੋਰ ਮੈਂਬਰ ਵੀ ਸਨ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ | ਇਸ ਮੌਕੇ 'ਤੇ ਟਾਢੀ ਜਥਾ, ਕਵੀ ਸ੍ਰੀ ਜਥਾ ਅਤੇ ਰਾਗੀ ਜਥੇ ਨੇ ਗੁਰੂ ਜੀ ਦੀ ਮਹਿਮਾ ਨੂੰ ਉਜਾਗਰ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ, ਜਦੋਂ ਕਿ ਇਕ ਵੱਡਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ 'ਤੇ ਸਾਰੇ ਧਰਮਾਂ ਦੇ ਸਥਾਨਕ ਲੋਕਾਂ ਨੇ ਆ ਕੇ ਲੰਗਰ ਦਾ ਆਨੰਦ ਮਾਣਿਆ | ਇਸ ਤੋਂ ਇਕ ਦਿਨ ਪਹਿਲਾਂ, ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਲੋਂ ਇਕ ਨਗਰ ਕੀਰਤਨ ਵੀ ਕਰਵਾਇਆ ਗਿਆ ਸੀ | ਜਿੱਥੇ ਕਈ ਧਰਮਾਂ ਦੇ ਲੋਕਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ, ਉੱਥੇ ਹੀ ਖ਼ਾਲਸਾ ਮਾਰਕੀਟ, ਪਟਿਆਲਾ ਰੋਡ, ਚੀਕਾ ਵਿਖੇ ਖੀਰ ਲੰਗਰ ਵਰਤਾ ਕੇ ਸੰਗਤ ਦੀ ਸੇਵਾ ਬੜੇ ਉਤਸ਼ਾਹ ਨਾਲ ਕੀਤੀ | ਇਸ ਮੌਕੇ 'ਤੇ ਦਲੀਪ ਸਿੰਘ ਮਠਾੜੂ, ਭਜਨ ਸਿੰਘ, ਅਮਿਤ ਸਿੰਘ ਮਠਾੜੂ, ਕੁਲਦੀਪ ਸਿੰਘ, ਬਲਵਿੰਦਰ ਅਰੋੜਾ, ਦੁਰਗਾ ਕੰਬਾਈਨ ਆਦਿ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ |