24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਐਨ ਐਚ-9 : ਫਾਈਨਲ ਨਿਰੀਖਣ ਨਾ ਹੋਣ ਕਰਕੇ ਮਲੋਟ-ਸਿਰਸਾ ਬਾਈਪਾਸ 'ਤੇ 'ਮੌਤ ਦੀ ਕੰਧ' ਬਣੇ ਸੀਮਿੰਟਡ ਪਿੱਲਰ

ਅਜੀਤ ਡੈਸਕ 29-12-2025
ਡੱਬਵਾਲੀ/ਮੰਡੀ ਕਿੱਲਿਆਂਵਾਲੀ, 28 ਦਸੰਬਰ (ਇਕਬਾਲ ਸਿੰਘ ਸ਼ਾਂਤ)-ਐਨਐਚਏਆਈ ਦੀ ਲਾਪਰਵਾਹ ਅਤੇ ਸੁਸਤ ਵਿਕਾਸ ਕਾਰਜ ਡੱਬਵਾਲੀ ਖੇਤਰ ਵਿਚ ਰਾਹਗੀਰਾਂ ਲਈ ਗੰਭੀਰ ਖਤਰਾ ਬਣਿਆ ਹੋਇਆ ਹੈ | ਐਨਐਚ-9 'ਤੇ ਮਲੋਟ ਰੋਡ ਅਤੇ ਸਿਰਸਾ ਰੋਡ ਬਾਈਪਾਸ 'ਚ ਦੋਵੇਂ ਪਾਸੇ ਅਤੇ ਕਈ ਜਗ੍ਹਾ ਗਲਤ ਢੰਗ ਨਾਲ ਖੜ੍ਹੇ ਕੀਤੇ ਚੌੜੇ ਸੀਮਿੰਟਡ ਪਿੱਲਰ ਹੁਣ 'ਮੌਤ ਦੀ ਕੰਧ' ਸਾਬਿਤ ਹੋ ਰਹੇ ਹਨ | ਪਿੱਲਰਾਂ ਤੋਂ ਪਹਿਲਾਂ ਨਾ ਤਾਂ ਕੋਈ ਚਿਤਾਵਨੀ ਬੋਰਡ ਲਗਾਇਆ ਗਿਆ ਹੈ ਅਤੇ ਨਾ ਕੋਈ ਸੰਕੇਤਕ ਚਿੰਨ੍ਹ, ਜਿਸ ਕਾਰਨ ਧੁੰਦ 'ਚ ਵਾਹਨ ਚਾਲਕ ਸਰਵਿਸ ਰੋਡ ਦੀ ਬਜਾਇ ਅਣਜਾਣੇ ਵਿੱਚ ਬਾਈਪਾਸ ਫਲਾਈਓਵਰ ਵੱਲ ਵੱਧ ਜਾਂਦੇ ਹਨ ਅਤੇ ਅੱਗੇ ਖੜ੍ਹੇ ਸੀਮਿੰਟਡ ਪਿੱਲਰਾਂ ਨਾਲ ਟਕਰਾ ਜਾਂਦੇ ਹਨ |ਅੱਜ ਮਾਨਸਾ ਤੋਂ ਸੰਗਰੀਆ ਜਾਂਦੇ ਵਕੀਲ ਪੰਕਜ ਕੁਮਾਰ ਦੀ ਕਾਰ ਬਾਈਪਾਸ ਫਲਾਈਓਵਰ ਦੇ ਮੂਹਰੇ ਖੜ੍ਹੇ ਸੀਮਿੰਟਡ ਪਿੱਲਰਾਂ ਨਾਲ ਟਕਰਾ ਗਈ | ਹਾਦਸੇ ਵਿੱਚ ਪੰਕਜ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਪ੍ਰਵੀਣ ਲਤਾ ਜਖਮੀ ਹੋ ਗਏ, ਜਿਨ੍ਹਾਂ ਨੂੰ ਮੰਡੀ ਡੱਬਵਾਲੀ ਐਂਬੂਲੈਂਸ ਸੇਵਾ ਟਰੱਸਟ ਦੇ ਕੁਲਵੰਤ ਸਿੰਘ ਨੇ ਹਸਪਤਾਲ ਪਹੁੰਚਾਇਆ | ਕਾਰ ਵਿਚ ਵਕੀਲ ਦੀ ਬਜ਼ੁਰਗ ਮਾਤਾ ਬਰਮਾ ਦੇਵੀ ਅਤੇ ਦੋ ਪੁੱਤਰ ਵੀ ਸਵਾਰ ਸਨ, ਜਿਹੜੇ ਕਿ ਵਾਲ-ਵਾਲ ਬਚ ਗਏ | ਜਾਣਕਾਰੀ ਮੁਤਾਬਕ ਗੂਗਲ ਮੈਪ 'ਤੇ ਗਲਤ ਲੋਕੇਸ਼ਨ ਆਉਣ ਕਾਰਨ ਵਾਹਨ ਬਾਈਪਾਸ ਵੱਲ ਮੁੜ ਗਿਆ ਅਤੇ ਸਿੱਧਾ ਪਿੱਲਰਾਂ ਨਾਲ ਟਕਰਾ ਗਿਆ |ਇਸ ਤੋਂ ਪਹਿਲਾਂ 14 ਦਸੰਬਰ ਨੂੰ ਮਲੋਟ ਰੋਡ 'ਤੇ ਬਾਈਪਾਸ ਦੇ ਸ਼ੁਰੂਆਤੀ ਹਿੱਸੇ ਵਿੱਚ ਧੁੰਦ ਕਾਰਨ ਇੱਕ ਟਰੱਕ ਪਲਟ ਗਿਆ ਸੀ, ਜਿਸ ਨਾਲ ਪਿੱਛੋਂ ਆ ਰਹੀਆਂ ਦੋ-ਤਿੰਨ ਕਾਰਾਂ ਵੀ ਹਾਦਸੇ ਦਾ ਸ਼ਿਕਾਰ ਹੋ ਗਈਆਂ ਸਨ | ਇਸੇ ਤਰ੍ਹਾਂ 9 ਨਵੰਬਰ ਨੂੰ ਬਾਈਪਾਸ ਤੋਂ ਸਰਵਿਸ ਰੋਡ ਦੇ ਖੁੱਲ੍ਹੇ ਛੱਡੇ ਰਸਤੇ ਰਾਹੀਂ ਅੱਗੇ ਜਾ ਕੇ ਇੱਕ ਕੈਂਟਰ ਸੀਮਿੰਟਡ ਪਿੱਲਰਾਂ ਨਾਲ ਟਕਰਾ ਗਿਆ ਸੀ, ਜਿਸ ਵਿੱਚ ਡਰਾਈਵਰ ਨੂੰ ਡੂੰਘੀਆਂ ਸੱਟਾਂ ਵੱਜੀਆਂ ਸਨ | ਇਸਦੇ ਬਾਵਜੂਦ ਸਥਿਤੀ 'ਚ ਕੋਈ ਸੁਧਾਰ ਨਹੀਂ ਹੋਇਆ ਤੇ ਇਥੇ ਅਕਸਰ ਹਾਦਸੇ ਵਾਪਰ ਰਹੇ ਹਨ |ਮੰਡੀ ਡੱਬਵਾਲੀ ਐਂਬੂਲੈਂਸ ਸੇਵਾ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਸੀਮਿੰਟਡ ਪਿੱਲਰਾਂ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ, ਪਰ ਐਨਐਚਏਆਈ ਅਤੇ ਨਿਰਮਾਣ ਕੰਪਨੀ ਵਲੋਂ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਸਾਬਕਾ ਸਰਪੰਚ ਜੱਸਾ ਸਿੰਘ ਨੇ ਮੰਗ ਕੀਤੀ ਕਿ ਜਦ ਤੱਕ ਬਾਈਪਾਸ ਨੂੰ ਪੱਕੇ ਤੌਰ 'ਤੇ ਰਾਹਗੀਰਾਂ ਲਈ ਖੋਲਿ੍ਹਆ ਜਾਂਦਾ, ਤਦ ਤੱਕ ਇਸਨੂੰ ਹਰ ਪਾਸੇ ਤੋਂ ਬੰਦ ਰੱਖਿਆ ਜਾਵੇ | ਦੂਜੇ ਪਾਸੇ ਐਨਐਚਏਆਈ ਬਠਿੰਡਾ ਦੇ ਪ੍ਰੋਜੈਕਟ ਡਾਇਰੈਕਟਰ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਦਿੱਲੀ ਤੋਂ ਫਾਈਨਲ ਨਿਰੀਖਣ ਮਗਰੋਂ ਜਨਵਰੀ ਦੇ ਅਖੀਰ ਤੱਕ ਬਾਈਪਾਸ ਖੋਲਿ੍ਹਆ ਜਾਵੇਗਾ | ਸੀਮਿੰਟਡ ਪਿੱਲਰਾਂ ਸਬੰਧੀ ਸੁਆਲ 'ਤੇ ਉਨ੍ਹਾਂ ਕਿਹਾ ਕਿ ਬਾਈਪਾਸ ਨੂੰ ਹਰ ਥਾਂ ਤੋਂ ਬੰਦ ਕਰਨਾ ਸੰਭਵ ਨਹੀ | ਹਾਦਸਿਆਂ ਤੋਂ ਬਚਾਅ ਲਈ ਸੰਭਾਵਤ ਹੱਲ ਦਾ ਖਾਕਾ ਭੇਜੇ ਜਾਣ 'ਤੇ ਉਨ੍ਹਾਂ ਸੋਮਵਾਰ ਤੱਕ ਕੋਈ ਢੁੱਵਾਂ ਹੱਲ ਕੱਢਣ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਵਿਖੇ ਚੋਰੀ ਕਰਨ ਆਏ ਨੌਜਵਾਨ ਨੂੰ ਪ੍ਰਬੰਧਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ ਅਗਲੀ ਖ਼ਬਰ 29-12-2025

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।