ਜੰਡਿਆਲਾ ਮੰਜਕੀ, 19 ਜੂਨ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਵਲੋਂ ਪਿੰਡ ਚੂਹੇਕੀ ਵਿੱਚ ਨਸ਼ਿਆਂ ਦੀ ਰੋਕਥਾਮ ਤੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਸੰਪਰਕ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਨਸ਼ਿਆਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਇਆ ਜਾ ਸਕਦਾ ਹੈ | ਲੋਕਾਂ ਨੂੰ ਦੱਸਿਆ ਗਿਆ ਕਿ ਨਸ਼ਾ ਪ੍ਰਭਾਵਿਤ ਲੋਕਾਂ ਨੂੰ ਸਰਕਾਰ ਵਲੋਂ ਜਾਰੀ ਨਸ਼ਾ ਛਡਾਊ ਕੇਂਦਰਾਂ 'ਚ ਹੀ ਦਾਖ਼ਲ ਹੋ ਕੇ ਆਪਣਾ ਸਹੀ ਤੇ ਮੁਫਤ ਇਲਾਜ ਕਰਵਾਉਣਾ ਚਾਹੀਦਾ ਹੈ | ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਹਰ ਪ੍ਰਕਾਰ ਦਾ ਸਹਿਯੋਗ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੀਟਿੰਗ 'ਚ ਪਿੰਡ ਵਾਸੀਆਂ ਤੇ ਮੋਹਤਬਰਾਂ ਨੇ ਵੀ ਪੁੱਜ ਕੇ ਆਪਣਾ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਲੋਕਾਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕਰਨ ਤੇ ਨਸ਼ਿਆਂ ਤੋਂ ਬਚਾਅ ਕੇ ਰੱਖਣ ਲਈ ਅਜਿਹੀਆਂ ਮੀਟਿੰਗਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ |