ਫਿਲੌਰ, 15 ਅਕਤੂਬਰ (ਸਤਿੰਦਰ ਸ਼ਰਮਾ)-ਐੱਸ. ਡੀ. ਐੱਮ. ਫਿਲੌਰ ਮੁਕਲਿਨ ਆਰ. ਨੇ ਝੋਨੇ ਦੀ ਕਟਾਈ ਸੰਬੰਧੀ ਸਬ-ਡਵੀਜ਼ਨ ਦੇ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਬ ਡਵੀਜ਼ਨ ਫਿਲੌਰ ਲਈ ਲਾਏ ਗਏ ਕਲੱਸਟਰ ਅਫ਼ਸਰ ਵੀ ਹਾਜ਼ਰ ਹੋਏ | ਐੱਸ.ਡੀ.ਐੱਮ. ਮੁਕਲਿਨ ਆਰ. ਨੇ ਹਾਜ਼ਰ ਕਲੱਸਟਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਨਾਲ ਲਾਏ ਨੋਡਲ ਅਧਿਕਾਰੀਆਂ ਨੂੰ ਨਾਲ ਲੈ ਕੇ ਨਿੱਜੀ ਤੌਰ 'ਤੇ ਅਲਾਟ ਕੀਤੇ ਪਿੰਡਾਂ ਦਾ ਦੌਰਾ ਕਰਨ ਤਾਂਕਿ ਭਵਿੱਖ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ 'ਚ ਪੈਂਦੇ ਇਲਾਕੇ ਵਿਚ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਜਾਰੀ ਕੀਤੇ ਹੁਕਮਾਂ ਸੰਬੰਧੀ ਅਨਾਊਾਸਮੈਂਟ ਕਰਵਾਉਣ ਕਿ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ ਹੈ | ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਜ਼ਿੰਮੇਵਾਰੀ ਨਾਲ ਕਰਨ, ਅਜਿਹਾ ਨਾ ਕਰਨ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਹੋਵੇਗੀ | ਐੱਸ. ਡੀ. ਐੱਮ. ਨੇ ਏ. ਆਰ. ਕੋਆਪਰੇਟਿਵ ਸੁਸਾਇਟੀ ਫਿਲੌਰ ਤੋਂ ਉਨ੍ਹਾਂ ਦੇ ਵਿਭਾਗ ਕੋਲ ਮੌਜੂਦ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਦੀ ਸੂਚੀ ਮੰਗਵਾਈ ਅਤੇ ਹਦਾਇਤ ਕੀਤੀ ਕਿ ਉਨ੍ਹਾਂ ਕੋਲ ਮੌਜੂਦ ਮਸ਼ੀਨਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਹਦਾਇਤਾਂ ਅਨੁਸਾਰ ਮੁਹੱਈਆ ਕਰਵਾਈਆਂ ਜਾਣ |