ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਡਰਾਈ ਡੇਅ ਮਨਾਇਆ
ਅਜੀਤ ਡੈਸਕ
18-10-2025
ਗੁਰਾਇਆ, 17 ਅਕਤੂਬਰ (ਬਲਵਿੰਦਰ ਸਿੰਘ)-ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਡਰਾਈ ਡੇਅ ਮਨਾਇਆ ਗਿਆ ਜਿਸ ਦਾ ਮੁੱਖ ਉਦੇਸ਼ ਡੇਂਗੂ ਤੋਂ ਬਚਾਅ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਕਿਰਨ ਕੌਸ਼ਲ ਦੀ ਅਗਵਾਈ ਹੇਠ ਸਟਾਫ਼ ਮੈਂਬਰਾਂ ਨੇ ਪਿੰਡ ਦੇ ਵੱਖ-ਵੱਖ ਘਰਾਂ ਅਤੇ ਗਲੀਆਂ ਵਿਚ ਜਾ ਕੇ ਪਾਣੀ ਦੇ ਇਕੱਠ ਹੋਣ ਵਾਲੇ ਸਥਾਨਾਂ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਡੇਂਗੂ ਦੇ ਮੱਛਰ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ | ਹੈਲਥ ਸੁਪਰਵਾਈਜ਼ਰ ਸਤਨਾਮ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡੇਂਗੂ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਹਰ ਸ਼ੁੱਕਰਵਾਰ ਨੂੰ ਆਪਣੇ ਘਰ, ਛੱਤਾਂ, ਗਮਲਿਆਂ, ਕੂਲਰਾਂ ਅਤੇ ਟੈਂਕੀਆਂ ਵਿਚ ਪਾਣੀ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਜਿੱਥੇ ਵੀ ਪਾਣੀ ਖੜਾ ਹੈ, ਉਸਨੂੰ ਸੁੱਕਾ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੱਛਰਾਂ ਤੋਂ ਬਚਾਅ ਲਈ ਪੂਰੇ ਕੱਪੜੇ ਪਹਿਨੋ, ਮੱਛਰਦਾਨੀ ਦੀ ਵਰਤੋਂ ਕਰੋ ਅਤੇ ਘਰ ਦੇ ਆਲੇ ਦੁਆਲੇ ਸਫ਼ਾਈ ਬਣਾਈ ਰੱਖੋ | ਇਸ ਮੌਕੇ ਤੇ ਹੈਲਥ ਟੀਮ ਵੱਲੋਂ ਪੰਫ਼ਲੇਟ ਵੰਡੇ ਗਏ ਤੇ ਲੋਕਾਂ ਨੂੰ ਡਰਾਈ ਡੇਅ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ | ਡਾ ਕਿਰਨ ਕੌਸ਼ਲ ਨੇ ਕਿਹਾ ਕਿ ਜੇਕਰ ਹਰ ਪਰਿਵਾਰ ਹਫ਼ਤੇ ਵਿਚ ਇਕ ਦਿਨ ਆਪਣੇ ਘਰ ਵਿਚ ਡਰਾਈ ਡੇਅ ਮਨਾਏ, ਤਾਂ ਡੇਂਗੂ ਦੇ ਮਾਮਲਿਆਂ ਨੂੰ ਬਹੁਤ ਘੱਟ ਕੀਤਾ ਜਾ ਸਕਦਾ ਹੈ | ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਦੀ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਰਾਈ ਡੇ ਮੁਹਿੰਮ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਡੇਂਗੂ ਮੁਕਤ ਪਿੰਡ ਬਣਾਉਣ ਵਿਚ ਸਹਿਯੋਗ ਪਾਉਣ |