ਜਲੰਧਰ, 4 ਨਵੰਬਰ (ਸ਼ਿਵ)- ਕੱਚੇ ਜੇ. ਈ. ਤੇ ਹੋਰ ਮੁਲਾਜ਼ਮਾਂ ਦੇ ਰਿਸ਼ਤੇਦਾਰਾਂ ਵਲੋਂ ਨਿਗਮ ਦੇ ਕੰਮ ਲੈਣ ਦਾ ਮਾਮਲਾ ਕਾਫੀ ਤੂਲ ਫੜਦਾ ਜਾ ਰਿਹਾ ਹੈ ਤੇ ਹੁਣ ਇਸ ਮਾਮਲੇ ਦੇ ਚੰਡੀਗੜ੍ਹ ਪੁੱਜਣ ਦੀ ਚਰਚਾ ਹੋ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਕੁੱਝ ਮਹੀਨੇ ਪਹਿਲਾਂ ਜਲੰਧਰ ਵੈਸਟ ਦੇ ਕਰੋੜਾਂ ਰੁਪਏ ਦੇ ਕੰਮਾਂ ਵਿਚ ਠੇਕੇਦਾਰਾਂ ਵੱਲੋਂ ਪੂਲ ਕਰਨ ਦੇ ਮਾਮਲੇ ਦੀ ਸ਼ਿਕਾਇਤ ਹੋਈ ਸੀ ਤਾਂ ਹੁਣ ਇਸ ਮਾਮਲੇ ਨੂੰ ਵੀ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ | ਪੰਜਾਬ ਸਰਕਾਰ ਪਹਿਲਾਂ ਹੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਕਾਫੀ ਸਖ਼ਤ ਹੈ ਤਾਂ ਉਸ ਨੇ ਪਹਿਲਾਂ ਹੀ ਹਦਾਇਤ ਦੇ ਰੱਖੀ ਹੈ ਕਿ ਕਰੋੜਾਂ ਦੇ ਕੰਮਾਂ 'ਚ ਹਰ ਸੰਭਵ ਪਾਰਦਰਸ਼ਤਾ ਰੱਖੀ ਜਾਵੇ | ਕੁੱਝ ਦਿਨ ਪਹਿਲਾਂ ਹੀ ਵੈਸਟ ਹਲਕੇ ਦੇ ਇਕ ਆਊਟ ਸੋਰਸ ਮੁਲਾਜ਼ਮਾਂ ਦੇ ਰਿਸ਼ਤੇਦਾਰ ਵੱਲੋਂ ਬੀ. ਐਂਡ. ਆਰ. ਦੇ ਵਿਕਾਸ ਦੇ ਕੰਮਾਂ ਵਿਚ ਹਿੱਸਾ ਲਿਆ ਗਿਆ ਸੀ, ਉਸ ਦੀ ਕਾਫੀ ਚਰਚਾ ਹੋਈ ਸੀ ਤਾਂ ਮੇਅਰ ਵਨੀਤ ਧੀਰ ਨੇ ਹੁਣ ਇਸ ਮਾਮਲੇ ਦੇ ਸਾਹਮਣੇ ਆਉਣ 'ਤੇ ਇਸ ਦੀ ਵਿਭਾਗੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ | ਜਾਰੀ ਕੀਤੇ ਗਏ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਦੀ ਗਲੋਬਲ ਕੰਸਟਰੱਕਸ਼ਨ ਠੇਕੇਦਾਰ ਫ਼ਰਮ ਵੱਲੋਂ ਨਗਰ ਨਿਗਮ ਜਲੰਧਰ ਦੀ ਬੀ. ਐਂਡ. ਆਰ. ਸ਼ਾਖਾ ਦੇ ਵਿਕਾਸ ਕੰਮਾਂ ਦੇ ਟੈਂਡਰਾਂ ਵਿਚ ਹਿੱਸਾ ਲਿਆ ਗਿਆ ਸੀ | ਉਨ੍ਹਾਂ ਮੀਡੀਆ ਵਿਚ ਆਈਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਫ਼ਰਮ ਨਗਰ ਨਿਗਮ ਜਲੰਧਰ ਦੀ ਬੀ. ਐਂਡ. ਆਰ. ਸ਼ਾਖਾ ਵਿਚ ਆਊਟ ਸੋਰਸ ਰਾਹੀਂ ਕੰਮ ਕਰ ਰਹੇ ਮੁਲਾਜ਼ਮ ਨਾਲ ਸੰਬੰਧਿਤ ਹੈ ਅਤੇ ਮੁਲਾਜ਼ਮ ਵੱਲੋਂ ਵਿਭਾਗ ਵਿਚ ਕੰਮ ਕਰਦੇ ਹੋਏ ਆਪਣਾ ਨਿੱਜੀ ਲਾਭ ਲਿਆ ਜਾ ਰਿਹਾ ਹੈ | ਇਸ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਨੂੰ ਕਿਸੇ ਨਕਰਾਤਮਕ ਧਾਰਨਾ ਅਤੇ ਵਿੱਤੀ ਨੁਕਸਾਨ ਤੋਂ ਬਚਾਉਣ ਲਈ ਇਸ ਫ਼ਰਮ ਵਿਰੁੱਧ ਤੁਰੰਤ ਪ੍ਰਭਾਵ ਨਾਲ ਵਿਭਾਗੀ ਜਾਂਚ ਕਰਵਾਉਣ ਉਪਰੰਤ ਬਣਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ | ਜਿੱਥੇ ਮੇਅਰ ਵਨੀਤ ਧੀਰ ਵੱਲੋਂ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਗਈ ਹੈ ਤੇ ਦੂਜੇ ਪਾਸੇ ਇਹ ਸਿਰਫ਼ ਇੱਕ ਮਾਮਲਾ ਨਹੀਂ ਹੈ ਸਗੋਂ ਦੱਸਿਆ ਜਾਂਦਾ ਹੈ ਕਿ ਹੋਰ ਵੀ ਕੰਮਾਂ ਦੀ ਕੰਮ ਕਰਨ ਵਾਲੀ ਕੰਪਨੀਆਂ ਦੀ ਜਾਂਚ ਕਰਵਾਈ ਜਾਵੇ ਤਾਂ ਇਸ ਬਾਰੇ ਹੋਰ ਜਾਣਕਾਰੀ ਆ ਸਕਦੀ ਹੈ | ਕੁੱਝ ਦਿਨ ਪਹਿਲਾਂ ਇਸ ਦੀ ਕਾਫੀ ਚਰਚਾ ਹੋਈ ਸੀ ਕਿ ਕੁੱਝ ਆਊਟ ਸੋਰਸ ਮੁਲਾਜ਼ਮਾਂ ਦੇ ਆਪਣਿਆਂ ਨੂੰ ਹੀ ਕੰਮ ਮਿਲਣ ਕਰਕੇ ਨਿਗਮ ਦੇ ਲੰਬੇ ਸਮੇਂ ਤੋਂ ਕੰਮ ਕਰਦੇ ਕਈ ਠੇਕੇਦਾਰ ਕਾਫੀ ਨਾਰਾਜ਼ ਹਨ ਤੇ ਉਹ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਬਾਰੇ ਵੀ ਵਿਚਾਰਾਂ ਕਰ ਰਹੇ ਹਨ | ਉਂਝ ਨਿਗਮ ਸੂਤਰਾਂ ਦਾ ਕਹਿਣਾ ਸੀ ਕਿ ਕਈ ਘਟੀਆ ਕੰਮਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਉਨ੍ਹਾਂ ਵਿਚ ਕੀ ਮਾਮਲਿਆਂ ਦੀ ਜਾਂਚ ਆਪਣੇ ਠੇਕੇਦਾਰ ਹੋਣ ਕਰਕੇ ਵੀ ਨਹੀਂ ਕੀਤੀ ਜਾਂਦੀ ਹੈ | ਮੇਅਰ ਵਨੀਤ ਧੀਰ ਨੇ ਇਸ ਮਾਮਲੇ ਵਿਚ ਕਿਹਾ ਕਿ ਇਸ ਤਰ੍ਹਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ ਸਹਿਣ ਨਹੀਂ ਕੀਤੀਆਂ ਜਾਣਗੀਆਂ |