ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਹਦਾਇਤਾਂ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕਾਨੂੰਨ-ਵਿਧੀ ਦੀ ਪਾਲਣਾ ਨੂੰ ਯਕੀਨੀ ਬਣਾਉਣ, ਸ਼ਹਿਰੀ ਵਾਤਾਵਰਨ ਵਿਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਵਿਚ ਪੁਲਿਸ ਪ੍ਰਤੀ ਵਿਸ਼ਵਾਸ ਬਣਾਈ ਰੱਖਣ ਲਈ ਪੁਲਿਸ ਵਲੋਂ ਅੱਜ ਸ਼ਾਮ ਮੌਕੇ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ | ਇਹ ਉਪਰਾਲਾ ਉਨ੍ਹਾਂ ਵਲੋਂ ਜ਼ਿਲ੍ਹੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਦਿਨ ਰਾਤ ਨਾਕਾਬੰਦੀਆਂ, ਗਸ਼ਤ ਅਤੇ ਵਿਸ਼ੇਸ਼ ਚੈਕਿੰਗ ਮੁਹਿੰਮਾਂ ਚੱਲ ਰਹੀਆਂ ਹਨ | ਇਸ ਫਲੈਗ ਮਾਰਚ ਦੀ ਅਗਵਾਈ ਡੀ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨਵੀਨ ਕੁਮਾਰ ਵਲੋਂ ਕੀਤੀ ਗਈ | ਉਨ੍ਹਾਂ ਨਾਲ ਇੰਸਪੈਕਟਰ ਜਸਕਰਨਦੀਪ ਸਿੰਘ ਇੰਚਾਰਜ ਥਾਣਾ ਸਿਟੀ, ਐਸ.ਆਈ ਗੁਰਦੀਪ ਸਿੰਘ ਇੰਚਾਰਜ ਥਾਣਾ ਬਰੀਵਾਲਾ, ਇੰਸਪੈਕਟਰ ਵਰਨ ਯਾਦਵ ਇੰਚਾਰਜ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੀ.ਸੀ.ਆਰ ਟੀਮਾਂ ਤੇ ਹੋਰ ਪੁਲਿਸ ਮੁਲਾਜ਼ਮ ਭਾਰੀ ਗਿਣਤੀ ਵਿਚ ਮੌਜੂਦ ਰਹੇ | ਇਹ ਮਾਰਚ ਭਾਈ ਕੇਹਰ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਚੌਂਕ, ਥਾਣਾ ਸਿਟੀ ਨੇੜੇ, ਮਸੀਤ ਵਾਲਾ ਚੌਂਕ, ਜਲਾਲਾਬਾਦ ਰੋਡ, ਗੁਰੂ ਨਾਨਕ ਕਾਲਜ, ਗੌਰਮਿੰਟ ਕਾਲਜ, ਬਠਿੰਡਾ ਚੌਂਕ ਅਤੇ ਬੱਸ ਸਟੈਂਡ ਰਾਹੀਂ ਅਬੋਹਰ ਚੌਂਕ ਵਿਖੇ ਸਮਾਪਤ ਹੋਇਆ | ਇਸ ਦੌਰਾਨ ਪੁਲਿਸ ਟੀਮਾਂ ਨੇ ਆਵਾਜਾਈ ਵਾਲੇ ਮੁੱਖ ਇਲਾਕਿਆਂ, ਵਿਦਿਆਰਥੀ ਖੇਤਰਾਂ ਅਤੇ ਬਜ਼ਮੀ ਮਾਰਕੀਟਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ | ਇਸ ਮੌਕੇ ਡੀ.ਐਸ.ਪੀ ਨਵੀਨ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਇਹ ਫਲੈਗ ਮਾਰਚ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਕੱਢਿਆ ਗਿਆ | ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਵਿਚ ਹੋਟਲਾਂ, ਢਾਬਿਆਂ, ਲੌਜਾਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਵੀ ਕੀਤੀ ਗਈ, ਤਾਂ ਜੋ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗੈਰਕਾਨੂੰਨੀ ਗਤੀਵਿਧੀ ਬਾਰੇ ਤੁਰੰਤ ਕਾਰਵਾਈ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੇ ਸਹਿਯੋਗ ਦੇ ਲਈ ਖੜੀ ਹੈ ਇਸ ਉਪਰਾਲੇ ਰਾਹੀਂ ਸ਼ਰਾਰਤੀ ਅਨਸਰਾਂ ਨੂੰ ਵੀ ਸਪਸ਼ਟ ਸੰਦੇਸ਼ ਦਿੱਤਾ ਗਿਆ ਕਿ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਚੌਕਸੀ ਤੇ ਹੈ ਅਤੇ ਅਮਨ-ਚੈਨ ਖ਼ਰਾਬ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਹੋਵੇਗੀ | ਇਸ ਮੌਕੇ ਪੁਲਿਸ ਵਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਜੇਕਰ ਉਨ੍ਹਾਂ ਕੋਲ ਕਿਸੇ ਵੀ ਨਸ਼ਾ ਤਸਕਰ, ਗੈਰਕਾਨੂੰਨੀ ਕਾਰਜਾਂ ਜਾਂ ਸੰਦੇਹਜਨਕ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਗੁਪਤ ਰੂਪ ਵਿਚ ਪੁਲਿਸ ਨਾਲ ਸਾਂਝੀ ਕਰਨ | ਸ੍ਰੀ ਮੁਕਤਸਰ ਸਾਹਿਬ ਪੁਲਿਸ 24 ਘੰਟੇ ਲੋਕਾਂ ਦੀ ਸੇਵਾ ਲਈ ਤਤਪਰ ਹੈ ਅਤੇ ਹਰ ਇਕ ਸੁਚਨਾ 'ਤੇ ਗੰਭੀਰਤਾ ਨਾਲ ਕਾਰਵਾਈ ਕਰਦੀ ਹੈ | ਜਾਣਕਾਰੀ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਅਭਿਆਨ ਸਿਰਫ ਇਕ ਦਿਨ ਦੀ ਕਾਰਵਾਈ ਨਹੀਂ, ਸਗੋਂ ਲਗਾਤਾਰ ਚੱਲ ਰਹੀ ਨਿਗਰਾਨੀ ਅਤੇ ਸਰਗਰਮੀਆਂ ਦਾ ਹਿੱਸਾ ਹੈ | ਜ਼ਿਲ੍ਹਾ ਪੁਲਿਸ ਵਲੋਂ ਅਜਿਹੇ ਮਾਰਚ ਆਉਣ ਵਾਲੇ ਦਿਨਾਂ ਵਿਚ ਹੋਰ ਵਧੇਰੇ ਇਲਾਕਿਆਂ ਵਿਚ ਵੀ ਕੀਤੇ ਜਾਣਗੇ, ਤਾਂ ਜੋ ਹਰੇਕ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ |