07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆੜ੍ਹਤੀ ਐਸੋਸੀਏਸ਼ਨ ਦੀ ਕੁਰਸੀ 1, ਪਰ ਪ੍ਰਧਾਨ ਬਣਾ ਦਿੱਤੇ 2

ਅਜੀਤ ਡੈਸਕ 24-09-2025
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਹਰਮਹਿੰਦਰ ਪਾਲ)-ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕਾਂ 'ਚ ਤਾਲਮੇਲ ਫ਼ਿੱਟ ਨਹੀਂ ਬੈਠ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਵੀ ਦੁਬਿਧਾ ਬਣੀ ਹੋਈ ਹੈ, ਜਿਸ ਦੀ ਤਾਜ਼ਾ ਉਦਾਹਰਨ ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਲੈ ਕੇ ਦੇਖੀ ਜਾ ਸਕਦੀ ਹੈ, ਜਿੱਥੇ ਇਕ ਕੁਰਸੀ ਦੇ ਲਈ ਦੋ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਹਨ | ਇਕ ਪਾਸੇ ਤਾਂ ਅਪ੍ਰੈਲ 2022 ਵਿਚ ਪ੍ਰਧਾਨ ਬਣੇ ਮਨਜਿੰਦਰ ਸਿੰਘ ਕਾਕਾ ਉੜਾਂਗ ਨੂੰ ਫ਼ਿਰ ਤੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੁਬਾਰਾ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ 'ਤੇ ਤਾਇਨਾਤ ਕਰ ਦਿੱਤਾ, ਪਰ ਜਿਵੇਂ ਹੀ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿਘ ਕਾਕਾ ਬਰਾੜ ਨੂੰ ਉਸ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਖ਼ਾਸ ਜਗਸੀਰ ਸਿੰਘ ਚਰਨਾ ਨੂੰ ਕੱਚਾ ਆੜ੍ਹਤੀ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤਾ | ਹੁਣ ਕੁਰਸੀ ਤਾਂ ਇਕ ਹੀ ਹੈ, ਪਰ ਪ੍ਰਧਾਨ ਦੋ ਹਨ ਤਾਂ ਇਨ੍ਹਾਂ ਦਾ ਫ਼ਿੱਟ ਕਿਵੇਂ ਬੈਠੇਗਾ | ਦੱਸਣਯੋਗ ਹੈ ਕਿ ਮਨਜਿੰਦਰ ਸਿੰਘ ਕਾਕਾ ਉੜਾਂਗ ਨੂੰ ਵੀ ਪਹਿਲਾਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹੀ ਪ੍ਰਧਾਨ ਬਣਾਇਆ ਸੀ | ਸੂਤਰ ਦੱਸਦੇ ਹਨ ਕਿ ਦੋਵਾਂ ਵਿਚ ਕੁਝ ਮਨ-ਮੁਟਾਵ ਹੋਇਆ ਹੈ, ਜਿਸ ਕਾਰਨ ਕਾਕਾ ਉੜਾਂਗ ਨੇ ਸਮੇਂ ਤੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ | ਉਧਰ ਕਾਕਾ ਉੜਾਂਗ ਦਾ ਕਹਿਣਾ ਹੈ ਕਿ ਆੜ੍ਹਤੀਆਂ ਨੂੰ ਉਨ੍ਹਾਂ ਦਾ ਕੰਮ ਚੰਗਾ ਲੱਗਾ ਤਾਂ ਹੀ ਤਾਂ ਦੁਬਾਰਾ ਉਨ੍ਹਾਂ ਨੂੰ ਸਿਫ਼ਾਰਸ਼ ਕਰਕੇ ਪ੍ਰਧਾਨ ਬਣਾਇਆ ਗਿਆ ਹੈ | ਜਦਕਿ ਪੰਜਾਬ ਪ੍ਰਧਾਨ ਨੇ ਵੀ ਉਸ ਨੂੰ ਪ੍ਰਧਾਨ ਬਣਾਉਣ ਨੂੰ ਕਿਹਾ ਸੀ, ਜਦਕਿ ਦੂਜੇ ਪਾਸੇ ਜਗਸੀਰ ਸਿੰਘ ਚਰਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਧਾਇਕ ਨੇ ਪ੍ਰਧਾਨ ਬਣਾਇਆ ਹੈ ਕਿ ਉਹ ਸਾਰੇ ਆੜ੍ਹਤੀਆਂ ਨੂੰ ਨਾਲ ਲੈ ਕੇ ਕੰਮ ਕਰਨਗੇ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਣਗੇ | ਜਦਕਿ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਕਹਿਣਾ ਹੈ ਕਿ ਉਹ ਇਸ ਸੰਬੰਧ ਵਿਚ ਡਾ. ਬਲਜੀਤ ਕੌਰ ਨਾਲ ਗੱਲਬਾਤ ਕਰਣਗੇ ਅਤੇ ਇਸ ਮਸਲੇ ਦਾ ਹੱਲ ਕਰਨਗੇ, ਕਿਉਂਕਿ 2 ਪ੍ਰਧਾਨ ਨਹੀਂ ਚੱਲ ਪਾਉਣਗੇ |
ਪਿਛਲੀ ਖ਼ਬਰ ਮਲੋਟ ਵਿਖੇ ਨਰਮੇ ਦੀ ਖ਼ਰੀਦ ਸ਼ੁਰੂ ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜ ਕੁਮਾਰ ਵਲੋਂ ਜ਼ਿਲ੍ਹਾ ਸੁਧਾਰ ਘਰ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।