14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਆਜ਼ਾਦੀ ਘੁਲਾਟੀਏ ਦੇ ਪੋਤਰੇ ਦੀ ਹੋਈ ਮੌਤ ਦੇ ਮਾਮਲੇ 'ਚ ਇਨਸਾਫ਼ ਲਈ ਕੱਢਿਆ ਰੋਸ ਮਾਰਚ

ਅਜੀਤ ਡੈਸਕ 23-10-2025

• ਕੁੱਟਮਾਰ ਕਰਨ ਵਾਲੇ ਵਿਅਕਤੀ ਗਿ੍ਫ਼ਤਾਰ ਨਾ ਕਰਨ ਦੇ ਰੋਸ ਵਜੋਂ ਪਰਿਵਾਰ ਵਲੋਂ ਸਸਕਾਰ ਨਾ ਕਰਨ ਦਾ ਐਲਾਨ
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਆਜ਼ਾਦੀ ਘੁਲਾਟੀਏ ਮਰਹੂਮ ਸਰਦਾਰ ਸੁੱਚਾ ਸਿੰਘ ਦੇ ਪੋਤਰੇ ਕਿਸਾਨ ਸੁਖਦੇਵ ਸਿੰਘ ਵੰਗਲ ਵਾਸੀ ਪਿੰਡ ਵੰਗਲ ਦੀ ਹੋਈ ਮੌਤ ਦੇ ਮਾਮਲੇ ਵਿਚ ਕੁਝ ਦਿਨ ਪਹਿਲਾਂ ਖੇਤ 'ਚ ਉਸ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੂੰ ਗਿ੍ਫ਼ਤਾਰ ਨਾ ਕਰਨ ਦੇ ਰੋਸ ਵਜੋਂ ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਬੀ.ਕੇ.ਯੂ. ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸਿਮਰਜੀਤ ਸਿੰਘ ਘੁੱਦੂਵਾਲਾ, ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨਿਰਮਲ ਸਿੰਘ ਮਲੋਟ, ਬੀ.ਕੇ.ਯੂ. ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਕਬਰਵਾਲਾ, ਬੀ.ਕੇ.ਯੂ. ਉਗਰਾਹਾਂ ਬਲਾਕ ਮਲੋਟ ਦੇ ਪ੍ਰਧਾਨ ਸੁਖਦੇਵ ਸਿੰਘ ਮਲੋਟ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਖ਼ਜ਼ਾਨਚੀ ਜਸਕਰਨ ਸਿੰਘ ਬੂੜਾ ਗੁੱਜਰ, ਬੀ.ਕੇ.ਯੂ. ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇਰੋਡੇ, ਬੀ.ਕੇ.ਯੂ. ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਉੜਾਂਗ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਧੇਰ) ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਕਬਰਵਾਲਾ, ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਨੌ ਨਿਹਾਲ ਸਿੰਘ ਥਾਂਦੇਵਾਲਾ ਨੇ ਬੋਲਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਪਰਿਵਾਰ ਵੀ ਹੁਣ ਸੁਰੱਖਿਅਤ ਨਹੀਂ ਰਹੇ, ਜਿਸ ਦੀ ਉਦਾਹਰਨ ਫਰੀਡਮ ਫਾਈਟਰ ਸਰਦਾਰ ਸੁੱਚਾ ਸਿੰਘ ਦੇ ਪੋਤਰੇ ਸੁਖਦੇਵ ਸਿੰਘ ਵੰਗਲ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਖੇਤ ਵਿਚ ਜਾ ਕੇ ਕੀਤੀ ਗਈ ਕੁੱਟਮਾਰ ਅਤੇ ਉਸ ਮਗਰੋਂ ਸੁਖਦੇਵ ਸਿੰਘ ਦੀ ਹੋਈ ਮੌਤ ਦੇ ਮਾਮਲੇ ਵਿਚ ਅਜੇ ਤੱਕ ਵਿਅਕਤੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਉਸਦੇ ਰੋਸ ਵਜੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਕਿਹਾ ਕਿ 14 ਅਕਤੂਬਰ ਨੂੰ ਕਿਸਾਨ ਸੁਖਦੇਵ ਸਿੰਘ ਵੰਗਲ ਨੇ ਆਪਣੇ ਜ਼ਮੀਨ ਵਿਚ ਲੱਗੇ ਬਾਸਮਤੀ ਝੋਨੇ ਦੀ ਫ਼ਸਲ ਦੀ ਕਟਾਈ ਕਰਨੀ ਸੀ, ਜਿਸ ਦੀ ਮਾਲਕੀ ਸੁਖਦੇਵ ਸਿੰਘ ਵੰਗਲ ਕੋਲ ਸੀ, ਪਰ ਉਸ ਜ਼ਮੀਨ ਵਿਚੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਰਗਰਮ ਆਗੂ ਹਰਜਿੰਦਰ ਸਿੰਘ ਲੁਬਾਣਿਆਂਵਾਲੀ ਨੇ ਆਪਣੇ ਨਾਲ ਹੋਰ ਵਿਅਕਤੀਆਂ ਨੂੰ ਲਿਜਾ ਕੇ ਝੋਨਾ ਵੱਢਣ ਦੀ ਕੋਸ਼ਿਸ਼ ਕੀਤੀ ਅਤੇ ਆਜ਼ਾਦੀ ਘੁਲਾਟੀਏ ਦੇ ਪਰਿਵਾਰ 'ਤੇ ਹਮਲਾ ਕਰਕੇ ਪਰਿਵਾਰ ਨੂੰ ਜ਼ਖ਼ਮੀ ਕੀਤਾ | ਇਸ ਝਗੜੇ ਦੌਰਾਨ ਪੀੜਤ ਸੁਖਦੇਵ ਸਿੰਘ ਅਤੇ ਉਸ ਦੇ ਬੇਟੇ ਸ਼ਮਿੰਦਰ ਸਿੰਘ ਤੇ ਉਸ ਦੀ ਪਤਨੀ ਦੇ ਸੱਟਾਂ ਲੱਗੀਆਂ | ਇਸ ਮਗਰੋਂ ਬੀਤੇ ਦਿਨੀਂ ਕਿਸਾਨ ਸੁਖਦੇਵ ਸਿੰਘ ਵੰਗਲ ਦੀ ਮੌਤ ਹੋ ਗਈ | ਜਥੇਬੰਦੀਆਂ ਵਲੋਂ ਪੁਲਿਸ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ, ਪਰ ਪ੍ਰਸ਼ਾਸਨ ਵਲੋਂ ਲਗਾਤਾਰ ਟਾਲਮਟੋਲ ਕੀਤੀ ਗਈ | ਇਸ ਕਾਰਨ ਗ਼ੁੱਸੇ ਵਿਚ ਆਏ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਬਠਿੰਡਾ ਰੋਡ ਜਾਮ ਕਰਨ ਮਗਰੋਂ ਥਾਣਾ ਬਰੀਵਾਲਾ ਵਿਖੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਅੱਜ ਐੱਸ.ਐੱਸ.ਪੀ. ਦਫ਼ਤਰ ਵੱਲ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੇ ਗਏ ਮਾਰਚ ਦੇ ਵਫ਼ਦ ਨੂੰ ਐੱਸ.ਪੀ. (ਐੱਚ) ਰਾਜਨ ਸ਼ਰਮਾ ਵਲੋਂ ਪੀੜਤ ਪਰਿਵਾਰ ਤੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਇਸ ਦਰਜ ਮਾਮਲੇ ਵਿਚ ਸ਼ਾਮਿਲ ਵਿਅਕਤੀਆਂ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇਗਾ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨ ਕਰਦਿਆਂ ਕਿਹਾ ਗਿਆ ਕਿ ਜਿਨ੍ਹਾਂ ਚਿਰ ਵਿਅਕਤੀ ਗਿ੍ਫ਼ਤਾਰ ਨਹੀਂ ਕੀਤੇ ਜਾਂਦੇ, ਉਨ੍ਹਾਂ ਚਿਰ ਸੁਖਦੇਵ ਸਿੰਘ ਵੰਗਲ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ | ਇਸ ਮੌਕੇ ਆਜ਼ਾਦੀ ਘੁਲਾਟੀਏ ਉਤਰਾਧਿਕਾਰੀ ਜਥੇਬੰਦੀ ਤੇ ਕਿਸਾਨ ਮੋਰਚੇ ਵਲੋਂ ਮੀਟਿੰਗ ਕਰਕੇ ਅਗਲੇ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਇਸ ਮੌਕੇ ਬਲਵਿੰਦਰ ਸਿੰਘ ਥਾਂਦੇਵਾਲਾ, ਰਜਿੰਦਰ ਸਿੰਘ ਰਾਜਾ, ਭੋਲਾ ਸਿੰਘ ਗਿੱਲ ਪੱਤੀ, ਅਮਨਇੰਦਰ ਸਿੰਘ ਬਨੀ ਬਰਾੜ ਫ਼ਰੀਦਕੋਟ, ਗੁਰਮੀਤ ਸਿੰਘ ਲੁਬਾਣਿਆਂਵਾਲੀ, ਬਲਜਿੰਦਰ ਸਿੰਘ ਮਧੀਰ, ਕੁਲਵੰਤ ਸਿੰਘ ਭਲਾਈਆਣਾ, ਰਾਮ ਸਿੰਘ ਮਿੱਡਾ, ਸੁਭਾਸ਼ ਬੱਬਰ, ਗੁਰਮੀਤ ਸਿੰਘ ਲੰਬੀਢਾਬ, ਬਲਵਿੰਦਰ ਸਿੰਘ ਕੋਟਲੀ ਸੰਘਰ, ਅਵਤਾਰ ਸਿੰਘ ਵੱਟੂ, ਹਰਿੰਦਰ ਸਿੰਘ ਥਾਂਦੇਵਾਲਾ, ਰਜਿੰਦਰ ਸਿੰਘ ਦੂਹੇਵਾਲਾ, ਸੁਖਚੈਨ ਸਿੰਘ ਵੰਗਲ, ਪੁਸ਼ਪਿੰਦਰ ਸਿੰਘ ਵੰਗਲ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਬ੍ਰਹਮਕੁਮਾਰੀ ਵਿਸ਼ਵ ਵਿਦਿਆਲਿਆ ਨੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।