27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕਿਰਤੀ ਕਿਸਾਨ ਯੂਨੀਅਨ ਨੇ ਸੜਕ ਨੂੰ ਮੁਕੰਮਲ ਕਰਵਾਉਣ ਲਈ ਸੰਘਰਸ਼ ਦਾ ਬਿਗਲ ਵਜਾਇਆ

ਪਿੰਡ ਬੂੜਾ ਗੁੱਜਰ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੀ ਗਈ ਮੀਟਿੰਗ ਉਪਰੰਤ ਰੋਸ ਪ੍ਰਗਟ ਕਰਦੇ ਹੋਏ ਯੂਨੀਅਨ ਆਗੂ ਅਤੇ ਪਿੰਡ ਤੇ ਇਲਾਕੇ ਦੇ ਲੋਕ | ਅਜੀਤ ਤਸਵੀਰ <br/> 01-11-2025
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪ੍ਰਸ਼ਾਸਨ ਵਲੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਪਿਛਲੇ ਕਈ ਸਾਲਾਂ ਤੋਂ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਨੈਸ਼ਨਲ ਹਾਈਵੇਅ ਸੜਕ ਬਣਾਉਣ ਦਾ ਕੰਮ ਨੇਪਰੇ ਨਹੀਂ ਚੜ੍ਹ ਰਿਹਾ | ਸੜਕ ਦੀ ਹਾਲਤ ਐਨੀ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ ਕਿ ਉੱਥੋਂ ਦੀ ਗੁਜ਼ਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਸਾਰੀ ਦਿਹਾੜੀ ਸੜਕ ਤੋਂ ਉਡਦੀ ਧੂੜ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਅੱਜ ਪਿੰਡ ਬੂੜਾ ਗੁੱਜਰ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇਰੋਡੇ ਅਤੇ ਕੌਮੀ ਕਿਸਾਨ ਯੂਨੀਅਨ ਦੇ ਆਗੂ ਜਸਕਰਨ ਸਿੰਘ ਬੂੜਾ ਗੁੱਜਰ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਨੈਸ਼ਨਲ ਹਾਈਵੇਅ ਪਿਛਲੇ ਕਈ ਵਰਿ੍ਹਆਂ ਤੋਂ ਅਧੂਰੀ ਪਈ ਹੈ ਤੇ ਹਾਦਸਿਆਂ ਦਾ ਸਬੱਬ ਬਣ ਰਹੀ ਹੈ | ਪਿਛਲੇ ਦਿਨੀਂ ਸੜਕ ਦੀ ਮਾੜੀ ਹਾਲਤ ਕਰਕੇ ਇਕ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ | ਵਹੀਕਲਾਂ ਦੀ ਰਫ਼ਤਾਰ ਘੱਟ ਹੋਣ ਕਰਕੇ ਕਈ ਵਾਰ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ, ਪਰ ਪਤਾ ਨਹੀਂ ਕਿਉਂ ਇਥੋਂ ਦੇ ਚੁਣੇ ਹੋਏ ਨੁਮਾਇੰਦੇ, ਸਿਵਲ ਪ੍ਰਸ਼ਾਸਨ, ਸੜਕ ਮਹਿਕਮੇ ਦੇ ਅਧਿਕਾਰੀਆਂ ਦੇ ਕੰਨ 'ਤੇ ਜੂੰਅ ਨਹੀਂ ਸਰਕ ਰਹੀ | ਅੱਜ ਜਦੋਂ ਪੀ.ਡਬਲਯੂ.ਡੀ. ਦੇ ਐੱਸ.ਡੀ.ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਕੰਮ ਛੱਡ ਗਿਆ ਹੈ | ਉਸ ਨੇ ਅੱਗੇ ਹੋਰ ਠੇਕੇਦਾਰ ਰੱਖ ਲਿਆ, ਜੋ ਸੜਕ ਨੂੰ ਮੁਕੰਮਲ ਕਰਨ ਦੀ ਹਾਲਤ ਵਿਚ ਹੀ ਨਹੀਂ ਹੈ, ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਅਧਿਕਾਰੀ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ | ਆਗੂਆਂ ਨੇ ਦੱਸਿਆ ਕਿ ਅੱਜ ਪਿੰਡ ਬੂੜਾ ਗੁੱਜਰ ਵਿਖੇ ਮੀਟਿੰਗ ਕਰਨ ਉਪਰੰਤ ਫ਼ੈਸਲਾ ਲਿਆ ਕਿ ਜੇਕਰ ਸੜਕ ਦਾ ਕੰਮ ਇਕ-ਦੋ ਦਿਨਾਂ ਵਿਚ ਸ਼ੁਰੂ ਨਾ ਹੋਇਆ ਤਾਂ 6 ਨਵੰਬਰ ਨੂੰ ਪਿੰਡ ਬੂੜਾ ਗੁੱਜਰ ਵਿਖੇ ਸੜਕ ਨੂੰ ਪੱਕੇ ਤੌਰ 'ਤੇ ਜਾਮ ਕੀਤਾ ਜਾਵੇਗਾ | ਆਗੂਆਂ ਨੇ ਇਲਾਕਾ ਵਾਸੀਆਂ ਤੇ ਭਰਾਤਰੀ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕੀਤੀ 6 ਨਵੰਬਰ ਨੂੰ ਪਿੰਡ ਬੂੜਾ ਗੁੱਜਰ ਵਿਖੇ ਲਗਾਏ ਜਾ ਰਹੇ ਜਾਮ ਵਿਚ ਸ਼ਮੂਲੀਅਤ ਕੀਤੀ ਜਾਵੇ | ਇਸ ਮੌਕੇ ਦਵਿੰਦਰ ਸਿੰਘ ਲੁਬਾਣਿਆਂਵਾਲੀ, ਗੁਰਮੀਤ ਸਿੰਘ ਸੰਗਰਾਣਾ, ਜਗਦੇਵ ਸਿੰਘ ਸੰਗਰਾਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਬੂੜਾ ਗੁੱਜਰ ਦੇ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਝੋਨੇ ਦਾ ਝਾੜ ਘੱਟ ਹੋਣ ਕਰਕੇ ਕਿਸਾਨਾਂ 'ਚ ਨਿਰਾਸ਼ਾ ਦਾ ਆਲਮ ਅਗਲੀ ਖ਼ਬਰ ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵਿਆਂ ਦੇ ਉਲਟ ਸ਼ਹਿਰ 'ਚ ਬੇਸਹਾਰਾ ਪਸ਼ੂਆਂ ਦੀ ਭਰਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।