ਮਾਨਸਾ, 16 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਦੀਆਂ 11 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਉੱਥੇ ਪੰਜਾਬ ਦੇ ਲੋਕਾਂ ਨੂੰ ਭਾਜਪਾ ਨਾਲ ਜੁੜਨ ਦਾ ਸੱਦਾ ਵੀ ਦਿੱਤਾ | ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਰਾਜਨੀਤੀ ਹੀ ਨਹੀਂ ਕਰਦੀ, ਸਗੋਂ ਰਾਸ਼ਟਰ-ਨਿਰਮਾਣ ਅਤੇ ਲੋਕ-ਭਲਾਈ ਲਈ ਦਿ੍ੜ ਨਿਸ਼ਚੇ ਨਾਲ ਕੰਮ ਕਰਦੀ ਹੈ | ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਉਹ ਭਾਜਪਾ ਵੱਲ ਹੱਥ ਵਧਾ ਕੇ ਰਾਸ਼ਟਰ ਨਿਰਮਾਣ 'ਚ ਆਪਣਾ ਯੋਗਦਾਨ ਪਾਉਣ | ਮੋਦੀ ਸਰਕਾਰ ਦੀਆਂ ਲਗਾਤਾਰ 11 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 2014 ਤੋਂ ਲੈ ਕੇ 2025 ਤੱਕ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਪੱਧਰ 'ਤੇ ਵੱਖਰੀ ਪਛਾਣ ਬਣਾਈ ਹੈ | ਮੋਦੀ ਸਰਕਾਰ ਨੇ ਜਿੱਥੇ ਆਰਥਿਕ ਮੋਰਚੇ 'ਤੇ ਕਦਮ ਚੁੱਕੇ ਉੱਥੇ ਹੀ ਗ਼ਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਲਈ ਕਈ ਇਤਿਹਾਸਕ ਸਕੀਮਾਂ ਲਾਗੂ ਕੀਤੀਆਂ | ਉਨ੍ਹਾਂ ਕਿਹਾ ਕਿ 'ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ' ਅਤੇ ਹੁਣ 'ਸਭ ਦਾ ਪਰਿਆਸ' ਦੇ ਨਾਅਰੇ ਹੇਠ ਭਾਜਪਾ ਸਰਕਾਰ ਨੇ ਲੋਕ ਕਲਿਆਣ ਨੂੰ ਆਪਣੀ ਪਹਿਲ ਬਣਾਇਆ ਹੈ | ਭਾਜਪਾ ਆਗੂ ਨੇ ਕਿਹਾ ਕਿ ਉਜਵਲਾ ਯੋਜਨਾ, ਆਯੂਸ਼ਮਾਨ ਭਾਰਤ, ਸਵੱਛ ਭਾਰਤ ਮਿਸ਼ਨ, ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਅੰਮਿ੍ਤ ਸੜਕ ਯੋਜਨਾ, ਅਗਨੀਪਥ ਯੋਜਨਾ ਆਦਿ ਵਰਗੀਆਂ ਸਕੀਮਾਂ ਨੇ ਆਮ ਲੋਕਾਂ ਦੇ ਜੀਵਨ 'ਚ ਨਵਾਂ ਵਿਸ਼ਵਾਸ ਭਰਿਆ ਹੈ | ਦਿਆਲ ਸੋਢੀ ਨੇ ਆਪਰੇਸ਼ਨ ਸਿੰਧੂਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਉਹ ਹੁਣ ਕਿਸੇ ਵੀ ਕਦਮ 'ਤੇ ਦਬਾਅ ਵਿਚ ਨਹੀਂ ਆਉਂਦਾ | ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਅਤੇ ਪੰਜਾਬ ਲਈ ਕਈ ਇਤਿਹਾਸਕ ਫ਼ੈਸਲੇ ਕੀਤੇ ਹਨ, ਜਿਨ੍ਹਾਂ ਵਿਚ ਕਰਤਾਰਪੁਰ ਸਾਹਿਬ ਲਾਂਘਾ, 312 ਸਿੱਖ ਭਾਈਚਾਰੇ ਦੇ ਲੋਕਾਂ ਨੂੰ ਬਲੈਕ ਲਿਸਟ ਤੋਂ ਹਟਾਉਣਾ, 84 ਦੰਗੇ ਪੀੜਤਾਂ ਲਈ ਨਿਆਂ ਪ੍ਰਕਿਰਿਆ ਨੂੰ ਤੇਜ਼ ਕਰਦਿਆਂ ਭਾਜਪਾ ਸਰਕਾਰ ਨੇ 1984 ਦੇ ਦੰਗਿਆਂ ਲਈ ਨਿਆਂ ਦੀ ਨਵੀਂ ਰਾਹਦਾਰੀ ਖੋਲ੍ਹਣਾ ਆਦਿ ਸ਼ਾਮਿਲ ਸਨ | ਭਾਜਪਾ ਆਗੂ ਨੇ ਆਸ ਜਤਾਈ ਕਿ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਪੰਜਾਬ 'ਚ ਵੀ ਮਜ਼ਬੂਤ ਹੋ ਕੇ ਉੱਭਰੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਜਨਰਲ ਸਕੱਤਰ ਵਿਨੋਦ ਕਾਲੀ, ਗੋਮਾ ਰਾਮ, ਭੋਲਾ ਸਿੰਘ ਮਾਨ, ਮੱਖਣ ਲਾਲ, ਮਨਦੀਪ ਸਿੰਘ ਮਾਨ, ਵਿਨੋਦ ਕੁਮਾਰ ਭੰਮਾ, ਮਦਨ ਲਾਲ ਆਦਿ ਹਾਜ਼ਰ ਸਨ |