ਮਾਨਸਾ, 18 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹੇ ਦੇ ਬਲਾਕ ਭੀਖੀ ਨੂੰ ਤੋੜਨ ਦੀ ਤਜਵੀਜ਼ ਦੇ ਖ਼ਿਲਾਫ਼ ਸਹਾਇਕ ਕਮਿਸ਼ਨਰ (ਜ) ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਸੀ.ਪੀ.ਆਈ ਦੇ ਕਿ੍ਸ਼ਨ ਚੌਹਾਨ, ਕੁੱਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ, ਸੀ.ਪੀ.ਆਈ ਦੇ ਦਲਜੀਤ ਸਿੰਘ ਮਾਨਸ਼ਾਹੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਕੇਵਲ ਸਿੰਘ ਸਮਾਉਂ, ਨੌਜਵਾਨ ਸਭਾ ਦੇ ਜਗਤਾਰ ਸਿੰਘ ਪੰਧੇਰ ਤੇ ਸੁਖਦੇਵ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹੇ ਦੀਆਂ ਅਨੇਕਾਂ ਸਮੱਸਿਆਵਾਂ ਤੇ ਮੰਗਾਂ ਵੱਲ ਉਚੇਚਾ ਧਿਆਨ ਦੇਣ ਦੀ ਬਜਾਏ ਉਲਟਾ ਭੀਖੀ ਬਲਾਕ ਨੂੰ ਤੋੜਨ ਦਾ ਲੋਕ ਵਿਰੋਧੀ ਫ਼ੈਸਲਾ ਕਰ ਰਹੀ ਹੈ, ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਭਗਵੰਤ ਮਾਨ ਦਖ਼ਲ ਦੇ ਕੇ ਇਸ ਤਜਵੀਜ਼ ਨੂੰ ਰੱਦ ਕਰਵਾਉਣ | ਇਸ ਮੌਕੇ ਕਰਨੈਲ ਸਿੰਘ ਭੀਖੀ, ਕਰਮ ਸਿੰਘ ਬੀਰ ਖ਼ੁਰਦ, ਪੱਪੀ ਸਿੰਘ ਮੂਲਾ ਸਿੰਘ ਵਾਲਾ, ਹਰਪਾਲ ਸਿੰਘ ਬੱਪੀਆਣਾ, ਸੁਖਰਾਜ ਸਿੰਘ ਜੋਗਾ ਆਦਿ ਹਾਜ਼ਰ ਸਨ |