25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ 5 ਮੈਂਬਰੀ ਗਰੋਹ ਦਾ ਪਰਦਾਫਾਸ਼ <br/>

ਅਜੀਤ ਡੈਸਕ 19-06-2025
ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਦੇ ਚਲਦਿਆਂ ਨਸ਼ਾ ਤਸਕਰਾਂ ਦੀ ਜ਼ਮਾਨਤਾਂ ਜਾਅਲੀ ਦਸਤਾਵੇਜ਼ਾਂ ਰਾਹੀਂ ਕਰਵਾਉਣ ਵਾਲੇ ਇਕ 5 ਮੈਂਬਰੀ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ | ਐਸ.ਪੀ (ਹੈੱਡਕੁਆਟਰ) ਦਿਲਪ੍ਰੀਤ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ ਦਮਨਵੀਰ ਸਿੰਘ ਉਪ ਕਪਤਾਨ ਪੁਲਿਸ ਧੂਰੀ ਅਤੇ ਥਾਣਾ ਸਦਰ ਧੂਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਨੂੰ ਇਹ ਗੁਪਤ ਇਤਲਾਹ ਮਿਲੀ ਸੀ, ਕਿ ਗੁਰਦੀਪ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਮਨਜਿੰਦਰ ਸਿੰਘ ਤਿੰਨੇ ਪਿੰਡ ਕਾਂਝਲਾ, ਤੀਰਥ ਸਿੰਘ ਅਤੇ ਜਗੀਰ ਸਿੰਘ ਵਾਸੀ ਲੱਡਾ ਜਾਅਲੀ ਦਸਤਾਵੇਜ਼, ਆਧਾਰ ਕਾਰਡ, ਫ਼ਰਦਾਂ ਵਗ਼ੈਰਾ ਤਿਆਰ ਕਰ ਕੇ ਅਦਾਲਤ ਵਿਚ ਲਗਾ ਕੇ ਐਨ.ਡੀ.ਪੀ.ਐਸ ਐਕਟ ਅਤੇ ਹੋਰ ਮੁਕੱਦਮਿਆਂ ਦੇ ਦੋਸ਼ੀਆਂ ਦੀ ਜ਼ਮਾਨਤਾਂ ਕਰਵਾ ਦਿੰਦੇ ਹਨ | ਇਸ ਕੰਮ ਬਦਲੇ ਉਹ ਦੋਸ਼ੀਆਂ ਤੋਂ ਮੋਟੀ ਰਕਮਾਂ ਵੀ ਵਸੂਲ ਕਰਦੇ ਸਨ | ਐਸ.ਪੀ ਦਿਲਪ੍ਰੀਤ ਸਿੰਘ ਅਨੁਸਾਰ ਹੁਣ ਤੱਕ ਇਹ ਵਿਅਕਤੀ 20 ਤੋਂ 25 ਦੋਸ਼ੀਆਂ ਦੀ ਜ਼ਮਾਨਤਾਂ ਜਾਅਲੀ ਦਸਤਾਵੇਜ਼ ਰਾਹੀ ਕਰਵਾ ਚੁੱਕੇ ਹਨ | ਇਸ ਕੜੀ ਅਧੀਨ ਵੱਖ-ਵੱਖ ਮੁਕੱਦਮਿਆਂ ਵਿਚ ਗਿ੍ਫ਼ਤਾਰ ਦੋਸ਼ੀ ਜੀਵਨ ਸਿੰਘ, ਬੰਟੀ ਸਿੰਘ ਵਾਸੀ ਪਿੰਡ ਸੰਮੁਦਗੜ੍ਹ ਛੰਨਾ ਦੀ ਜ਼ਮਾਨਤ ਕਰਵਾਉਣ ਲਈ ਪਿੰਡ ਕਾਂਝਲਾ ਦੇ ਵਿਅਕਤੀਆਂ ਦੇ ਜਾਅਲੀ ਆਧਾਰ ਕਾਰਡ ਬਣਾਉਂਦਿਆਂ ਜ਼ਮੀਨਾਂ ਦੀ ਫ਼ਰਦਾਂ ਗ਼ਲਤ ਢੰਗ ਨਾਲ ਲਗਾ ਕੇ ਅਤੇ ਖ਼ੁਦ ਨੂੰ ਹੋਰ ਵਿਅਕਤੀ ਦੱਸ ਕੇ ਉਪਰੋਕਤ ਦੱਸੀਆਂ ਦੀ ਜ਼ਮਾਨਤਾਂ ਕਰਵਾਉਂਦਿਆਂ ਉਨ੍ਹਾਂ ਤੋਂ ਮੋਟੀ ਰਕਮ ਵਸੂਲ ਕੀਤੀ ਸੀ | ਇਸ ਤਰ੍ਹਾਂ ਇਹ ਅਦਾਲਤ ਨੂੰ ਧੋਖਾ ਦੇ ਰਹੇ ਸਨ, ਇਸ ਕਾਰਨ ਵੱਖ-ਵੱਖ ਸੰਗੀਨ ਧਾਰਾਵਾਂ ਅਧੀਨ ਗੁਰਦੀਪ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਮਨਜਿੰਦਰ ਸਿੰਘ ਵਾਸੀ ਕਾਂਝਲਾ, ਜਗਸੀਰ ਸਿੰਘ ਸੀਰਾ ਅਤੇ ਤੀਰਥ ਸਿੰਘ ਵਾਸੀ ਲੱਡਾ ਖ਼ਿਲਾਫ਼ ਥਾਣਾ ਸਦਰ ਧੂਰੀ ਵਿਖੇ ਮੁਕੱਦਮਾ ਦਰਜ ਕਰਦਿਆਂ ਉਪਰੋਕਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਗਰੋਹ ਦਾ ਮਾਸਟਰ ਮਾਇੰਡ ਮਨਜਿੰਦਰ ਸਿੰਘ ਵਾਸੀ ਕਾਂਝਲਾ ਦੱਸਿਆ ਜਾ ਰਿਹਾ ਹੈ, ਜਦ ਕਿ ਸੁਰਜੀਤ ਸਿੰਘ ਅਤੇ ਤੀਰਥ ਸਿੰਘ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ | ਪੁਲਿਸ ਨੇ ਪੰਜਾ ਵਿਅਕਤੀਆਂ ਦਾ 20 ਜੂਨ ਤੱਕ ਪੁਲਿਸ ਰਿਮਾਂਡ ਲੈ ਲਿਆ ਹੈ |

ਪਿਛਲੀ ਖ਼ਬਰ ਸਰਦੂਲਗੜ੍ਹ ਤੋਂ ਹਰਿਦੁਆਰ ਨੂੰ ਬੱਸ ਚਲਾਉਣ ਦੀ ਮੰਗ ਅਗਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।