ਬਰੇਟਾ 16 ਅਕਤੂਬਰ (ਜੀਵਨ ਸ਼ਰਮਾ)- ਪਿੰਡ ਕਿਸ਼ਨਗੜ੍ਹ ਵਿਖੇ ਕਿਸਾਨ, ਮਜ਼ਦੂਰ ਜਥੇਬੰਦੀਆਂ, ਨਗਰ ਪੰਚਾਇਤ ਅਤੇ ਹੋਰ ਸੰਸਥਾਵਾਂ ਦਾ ਇਕੱਠ ਹੋਇਆ | ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਪਰਾਲੀ ਦੇ ਕਿਸੇ ਖ਼ਾਸ ਪ੍ਰਬੰਧਾਂ ਤੋਂ ਬਿਨਾਂ ਕਿਸਾਨਾਂ ਉੱਪਰ ਬੇਲੋੜੀ ਸਖ਼ਤੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਰਾਲੀ ਦੀ ਰਹਿੰਦ-ਖੂੰਹਦ ਜਾਂ ਕਰਚਿਆਂ ਨੂੰ ਬੇਲੋੜੀ ਅੱਗ ਲਗਾਉਣ ਨੂੰ ਕਿਸਾਨ ਤਿਆਰ ਨਹੀਂ ਹਨ | ਇਸ ਲਈ ਕਿਸਾਨ ਖੇਤੀਬਾੜੀ ਵਿਭਾਗ ਅਤੇ ਪਰਾਲੀ ਦੇ ਪ੍ਰਬੰਧ ਲਈ ਡਿਊਟੀਆਂ ਲਗਾਏ ਹੋਏ ਸਾਰੇ ਅਫ਼ਸਰਾਂ ਨੂੰ ਝੋਨਾ ਵੱਢਣ ਉਪਰੰਤ ਬੇਨਤੀ ਕਰਨਗੇ ਕਿ ਗੰਢਾਂ ਬੰਨ੍ਹਣ ਵਾਲੀਆਂ ਮਸ਼ੀਨਾਂ, ਬੇਲਰ ਜਾਂ ਹੋਰ ਕੋਈ ਸਾਜੋ ਸਮਾਨ ਸਰਕਾਰ ਤੁਰੰਤ ਮੁਹੱਈਆ ਕਰਵਾਵੇ | ਜੇਕਰ ਇਸ ਦਾ ਪ੍ਰਬੰਧ ਨਾ ਹੋਇਆ ਤਾਂ ਮਜਬੂਰੀ ਵੱਸ ਕਿਸਾਨਾਂ ਨੂੰ ਅੱਗ ਲਾਉਣੀ ਪਈ ਤਾਂ ਪ੍ਰਸ਼ਾਸਨ ਵਲੋਂ ਕੀਤੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਝੋਨੇ ਦੀ ਖ਼ਰੀਦ ਸਹੀ ਤਰੀਕੇ ਨਾਲ ਨਹੀਂ ਹੋ ਰਹੀ | ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਮੰਡੀਆਂ ਵਿਚ ਰੋਲਿਆ ਜਾ ਰਿਹਾ ਹੈ | ਇਸ ਮੌਕੇ ਕੁਲਵੰਤ ਸਿੰਘ ਕਿਸ਼ਨਗੜ੍ਹ, ਤਰਸੇਮ ਸਿੰਘ, ਕਰਮਜੀਤ ਸਿੰਘ, ਸਤਨਾਮ ਸਿੰਘ, ਦਲਵਾਰਾ ਸਿੰਘ, ਅਮਰੀਕ ਸਿੰਘ, ਲੀਲਾ ਸਿੰਘ ਜਰਨੈਲ ਸਿੰਘ ਆਦਿ ਹਾਜ਼ਰ ਸਨ |