ਬਰੇਟਾ, 17 ਅਕਤੂਬਰ (ਜੀਵਨ ਸ਼ਰਮਾ)- ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵਲੋਂ ਸਟੇਟ ਟਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਲਗਾਏ 4 ਰੋਜ਼ਾ ਰਾਜ ਪੁਰਸਕਾਰ ਅਤੇ ਹਾਈਕਿੰਗ ਟਰੇਨਿੰਗ ਕੈਂਪ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਦੀਆਂ 8 ਵਿਦਿਆਰਥਣਾਂ ਨੇ ਸਕਾਊਟ ਮਾਸਟਰ ਜਸਪ੍ਰੀਤ ਸਿੰਘ ਦੀ ਅਗਵਾਈ ਵਿਚ ਭਾਗ ਲਿਆ | ਕੈਂਪ ਦੌਰਾਨ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਨੇ ਵਿਦਿਆਰਥੀਆਂ ਨੰ ਚੰਗੀ ਜੀਵਨ ਜਾਂਚ, ਸਵੈ ਅਨੁਸ਼ਾਸਨ, ਸਵੈ ਪੜਚੋਲ ਅਤੇ ਮੁਸੀਬਤਾਂ ਨਾਲ ਟਾਕਰਾ ਕਰਨ ਵਰਗੇ ਵਿਸ਼ਿਆਂ ਬਾਰੇ ਸਮਝਾਇਆ | ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਅਤੇ ਸਿਰਲੇਪ ਕੌਰ ਨੇ ਵਿਦਿਆਰਥੀਆਂ ਨੂੰ ਸਕਾਉਟਿੰਗ ਲਹਿਰ ਦੇ ਬਾਨੀ ਲਾਰਡ ਬੇਡਨ ਪਵੇਲ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ | ਰੋਵਰ ਲੀਡਰ ਜਤਿੰਦਰ ਕੁਮਾਰ ਦੀ ਅਗਵਾਈ ਵਿਚ ਵਿਦਿਆਰਥਣਾਂ ਨੂੰ ਤਾਰਾ ਦੇਵੀ ਸਥਿਤ ਟਰੀ ਟਾਪ, ਸੰਕਟ ਮੋਚਨ ਆਦਿ ਦੀ ਟਰੈਕਿੰਗ ਕਰਵਾਈ ਗਈ | ਸਕਾਊਟ ਮਾਸਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥਣਾਂ ਨੇ ਜਿੱਥੇ ਸਕਾਉਟਿੰਗ ਵਿਚ ਰਾਜ ਪੁਰਸਕਾਰ ਪ੍ਰਾਪਤ ਕੀਤਾ ਉੱਥੇ ਵਡਮੁੱਲਾ ਗਿਆਨ ਪ੍ਰਾਪਤ ਕੀਤਾ |