ਬੁਢਲਾਡਾ, 23 ਅਕਤੂਬਰ (ਸਵਰਨ ਸਿੰਘ ਰਾਹੀ)- ਪਰਾਲੀ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਪਿੰਡ ਗੁਰਨੇ ਕਲਾਂ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ ਦੀ ਅਗਵਾਈ ਹੇਠ ਰੈਲੀ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਪਰਾਲੀ ਨੂੰ ਸਮੇਟਣ ਲਈ ਕੀਤੇ ਪ੍ਰਬੰਧ ਨਿਗੂਣੇ ਹਨ, ਜੋ ਬੇਲਰ ਪਿੰਡ ਨੂੰ ਦਿੱਤੇ ਗਏ ਹਨ ਉਹ ਸਮੇਂ ਸਿਰ ਨਹੀਂ ਆ ਰਹੇ ਤੇ ਪ੍ਰਤੀ ਏਕੜ ਇਕ ਹਜ਼ਾਰ ਰੁਪਏ ਦੀ ਮੰਗ ਕਰ ਰਹੇ ਹਨ, ਜਿਸ ਕਰਕੇ ਪਿੰਡਾਂ ਵਿਚ ਪਰਾਲੀ ਖੇਤਾਂ ਵਿਚ ਹਾਲੇ ਤੱਕ ਜਿਉਂ ਦੀ ਤਿਉਂ ਪਈ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਨੂੰ ਸਮੇਟਣ ਲਈ ਜਲਦ ਤੋਂ ਜਲਦ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ, ਪਰਾਲੀ ਨੂੰ ਚੁੱਕਣ ਦਾ ਕੋਈ ਹੀਲਾ ਵਸੀਲਾ ਨਹੀਂ ਕਰਦੀ ਤਾਂ ਭਾਕਿਯੂ ਡਕੌਂਦਾ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਦਾ ਵਿਰੋਧ ਕਰੇਗੀ | ਕਿਸਾਨ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਅੰਦਰ ਬਾਹਰਲੇ ਸੂਬਿਆਂ ਤੋ ਝੋਨਾ ਲਿਆ ਰਹੇ ਸ਼ੈਲਰ ਮਾਲਕਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ | ਇਸ ਮੌਕੇ ਤਾਰਾ ਚੰਦ ਬਰੇਟਾ, ਬਲਜੀਤ ਸਿੰਘ ਭੈਣੀਬਾਘਾ, ਗੁਰਦਰਸ਼ਨ ਸਿੰਘ, ਲਾਭ ਸਿੰਘ, ਬਲਵੀਰ ਸਿੰਘ, ਗੁਰਤੇਜ ਸਿੰਘ, ਹਰਜੀਤ ਸਿੰਘ, ਬਾਬੂ ਸਿੰਘ, ਜਗਦੇਵ ਸਿੰਘ ਆਦਿ ਹਾਜ਼ਰ ਸਨ |
ਪਰਾਲੀ ਦੇ ਮੁੱਦੇ 'ਤੇ ਕਿਸਾਨਾਂ ਵਲੋਂ ਗੁਰਨੇ ਕਲਾਂ 'ਚ ਰੈਲੀ
ਅਜੀਤ ਡੈਸਕ
24-10-2025