15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭਾਕਿਯੂ (ਉਗਰਾਹਾਂ) ਵਲੋਂ ਡੀ.ਏ.ਪੀ. ਦੀ ਕਮੀ ਤੇ ਖਾਦਾਂ ਨਾਲ ਬੇਲੋੜਾ ਸਾਮਾਨ ਦੇਣ ਖ਼ਿਲਾਫ਼ ਧਰਨਾ <br/>

ਡੀ.ਸੀ. ਦਫ਼ਤਰ ਮਾਨਸਾ ਨੇੜੇ ਭਾਕਿਯੂ (ਉਗਰਾਹਾਂ) ਵਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਰਾਮ ਸਿੰਘ ਭੈਣੀਬਾਘਾ | ਤਸਵੀਰ : ਸੇਮੀ ਮਾਨਸਾ <br/> 05-11-2025
ਮਾਨਸਾ, 4 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ 'ਚ ਕਿਸਾਨਾਂ ਵਲੋਂ ਡੀ.ਏ.ਪੀ. ਖਾਦ ਦੀ ਕਮੀ ਪੂਰੀ ਕਰਨ ਅਤੇ ਖਾਦਾਂ ਨਾਲ ਹੋਰ ਬੇਲੋੜਾ ਸਮਾਨ ਦੇਣ ਦੇ ਰੋਸ ਵਜੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਘਟੀਆ ਪ੍ਰਬੰਧ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਹਿਲਾਂ ਝੋਨੇ ਦੀ ਫ਼ਸਲ ਦਾ ਝਾੜ ਘੱਟ ਨਿਕਲਿਆ ਹੈ ਅਤੇ ਹੁਣ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਕਿਸਾਨਾਂ ਨੂੰ ਕਿਤੇ ਵੀ ਡੀ.ਏ.ਪੀ. ਖਾਦ ਨਹੀਂ ਮਿਲ ਰਹੀ | ਉਨ੍ਹਾਂ ਕਿਹਾ ਕਿ ਜਿੱਥੇ ਖਾਦ ਦੀ ਕਮੀ ਹੈ ਉੱਥੇ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਖਾਦਾਂ ਦੇ ਗੱਟਿਆਂ ਦੇ ਨਾਲ ਪੋਟਾਸ਼, ਸਲਫ਼ਰ ਅਤੇ ਤਰਲ ਰੂਪ 'ਚ ਨੈਨੋ ਅਤੇ ਹੋਰ ਬੇਲੋੜਾ ਸਮਾਨ ਸੁਸਾਇਟੀਆਂ ਅਤੇ ਪ੍ਰਾਈਵੇਟ ਡੀਲਰਾਂ ਨੂੰ ਜ਼ਬਰਦਸਤੀ ਖਾਦਾਂ ਨਾਲ ਸਪਲਾਈ ਕਰਦੀਆਂ ਹਨ, ਜਿਸ ਨੂੰ ਅੱਗੇ ਜਬਰੀ ਕਿਸਾਨਾਂ ਸਿਰ ਮੜ੍ਹ ਦਿੱਤਾ ਜਾਂਦਾ ਹੈ ਜਦਕਿ ਹਕੀਕਤ ਇਹ ਹੈ ਕਿ ਕਿਸਾਨ ਕੋਲ ਸਿਰਫ਼ ਡੀ.ਏ.ਪੀ. ਖਾਦ ਦੇ ਗੱਟਿਆਂ ਜੋਗੇ ਪੈਸੇ ਵੀ ਪੂਰੇ ਨਹੀਂ ਹੁੰਦੇ ਪਰ ਜਦੋਂ ਖਾਦ ਨਹੀਂ ਮਿਲਦੀ ਤਾਂ ਮਜਬੂਰੀਵਸ ਬੇਲੋੜਾ ਸਮਾਨ ਕਿਸਾਨ ਨੂੰ ਚੁੱਕਣ ਲਈ ਮਜਬੂਰ ਹੋਣਾ ਪੈਂਦਾ ਹੈ | ਕਿਸਾਨ ਆਗੂ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਲਈ ਤਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਮਹਿਕਿਆਂ ਦੇ ਮੁਲਾਜ਼ਮਾਂ ਦੀਆਂ ਕਮੇਟੀਆਂ ਬਣਾ ਕੇ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ ਪਰ ਕਿਧਰੋਂ ਵੀ ਖਾਦ ਦਾ ਪ੍ਰਬੰਧ ਕਰਨ ਲਈ ਕਿਸੇ ਵੀ ਅਫ਼ਸਰ ਦੀ ਕੋਈ ਪੱਕੀ ਜ਼ਿੰਮੇਵਾਰੀ ਨਹੀਂ ਲਗਾਈ ਗਈ | ਉਨ੍ਹਾਂ ਆਖਿਆ ਕਿ ਜੇਕਰ ਡੀ.ਏ.ਪੀ. ਖਾਦ ਸਮੇਂ ਸਿਰ ਨਹੀਂ ਮਿਲਦੀ ਤਾਂ ਕਣਕ ਦੀ ਬਿਜਾਈ ਪਛੜ ਜਾਵੇਗੀ, ਅਜਿਹਾ ਹੋਣ ਨਾਲ ਫ਼ਸਲ ਦਾ ਝਾੜ ਘੱਟ ਨਿਕਲੇਗਾ | ਯੂਨੀਅਨ ਵਲੋਂ ਕਾਲਾ ਰਾਮ ਕਾਂਸਲ ਐਸ.ਡੀ.ਐਮ. ਮਾਨਸਾ ਨੂੰ ਡਿਪਟੀ ਕਮਿਸ਼ਨਰ ਦੇ ਨਾਂਅ ਦਿੱਤੇ ਪੱਤਰ 'ਚ ਮੰਗ ਕੀਤੀ ਗਈ ਕਿ ਡੀ.ਏ.ਪੀ ਖਾਦ ਦਾ ਤੁਰੰਤ ਪ੍ਰਬੰਧ ਕਰਨ ਦੇ ਨਾਲ ਖਾਦਾਂ ਨਾਲ ਬੇਲੋੜਾ ਸਮਾਨ ਦੇਣਾ ਬੰਦ ਕੀਤਾ ਜਾਵੇ | ਧਰਨੇ ਨੂੰ ਜੋਗਿੰਦਰ ਸਿੰਘ ਦਿਆਲਪੁਰਾ, ਭੋਲਾ ਸਿੰਘ ਮਾਖਾ, ਉੱਤਮ ਸਿੰਘ ਰਾਮਾਂਨੰਦੀ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ, ਕੁਲਦੀਪ ਸਿੰਘ ਚਚੋਹਰ, ਮੇਜਰ ਸਿੰਘ ਗੋਬਿੰਦਪੁਰਾ, ਗੁਰਤੇਜ ਸਿੰਘ ਟਿੱਬੀ ਆਦਿ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਕੇਂਦਰ ਵਲੋਂ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਅਧੀਨ ਕਰਨ ਦੇ ਮੁੱਦੇ ਨੂੰ ਲੈ ਕੇ ਉਪ ਰਾਸ਼ਟਰਪਤੀ ਦੇ ਨਾਂਅ ਭੇਜਿਆ ਮੰਗ-ਪ... ਅਗਲੀ ਖ਼ਬਰ ਭੀਖੀ 'ਚ 5 ਦੁਕਾਨਾਂ 'ਚੋਂ ਚੋਰੀ, ਪੁਲਿਸ ਬਣੀ ਮੂਕ ਦਰਸ਼ਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।