ਕਪੂਰਥਲਾ, 17 ਜੂਨ (ਅਮਨਜੋਤ ਸਿੰਘ ਵਾਲੀਆ)-ਦੇਰ ਰਾਤ ਜਲੰਧਰ ਅੰਮਿ੍ਤਸਰ ਰੋਡ 'ਤੇ ਢਿਲਵਾਂ ਵਿਖੇ ਬਿਆਸ ਪੁਲ ਦੇ ਨਜ਼ਦੀਕ ਸੜਕ ਕਿਨਾਰੇ ਅਣਪਛਾਤੇ ਖੜੇ੍ਹ ਵਾਹਨ ਨਾਲ ਸਕੂਟਰੀ ਟਕਰਾਉਣ ਕਾਰਨ ਚਾਲਕ ਦੀ ਮੌਤ ਹੋ ਗਈ ਜਦਕਿ ਪਰਿਵਾਰਿਕ ਮੈਂਬਰ ਜ਼ਖ਼ਮੀ ਦੱਸੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿਲਵਾਂ ਦੇ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਪੁੱਤਰ ਚੰਦਰ ਪ੍ਰਕਾਸ਼ ਵਾਸੀ ਗੋਬਿੰਦ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਜੋ ਕਿ ਆਪਣੇ ਐਕਟਿਵਾ 'ਤੇ ਪਰਿਵਾਰ ਸਮੇਤ ਅੰਮਿ੍ਤਸਰ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਿਹਾ ਸੀ | ਜਦ ਉਹ ਢਿਲਵਾਂ ਵਿਖੇ ਬਿਆਸ ਪੁਲ ਨਜ਼ਦੀਕ ਪਹੁੰਚਿਆ ਤਾਂ ਰਸਤੇ 'ਚ ਖੜੇ ਵਾਹਨ ਨਾਲ ਸਕੂਟਰੀ ਟਕਰਾਉਣ ਕਾਰਨ ਉਹ ਸਾਰੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਬਿਆਸ ਹਸਪਤਾਲ ਲਿਜਾਇਆ ਗਿਆ ਜਿੱਥੇ ਸਕੂਟਰੀ ਚਾਲਕ ਸੁਨੀਲ ਕੁਮਾਰ ਨੂੰ ਮਿ੍ਤਕ ਐਲਾਨ ਦਿੱਤਾ ਗਿਆ ਜਦ ਕਿ ਉਸਦੀ ਪਤਨੀ ਰਾਖੀ ਤੇ ਬੱਚੇ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਮੁਢਲੇ ਇਲਾਜ ਤੋਂ ਬਾਅਦ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ ਗਿਆ ਜਦ ਕਿ ਮਿ੍ਤਕ ਸੁਨੀਲ ਕੁਮਾਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |