ਸੁਲਤਾਨਪੁਰ ਲੋਧੀ, 17 ਜੂਨ (ਨਰੇਸ਼ ਹੈਪੀ)-ਜਲ ਸ਼ਕਤੀ ਅਭਿਆਨ ਤਹਿਤ ਦੋ ਮੈਂਬਰੀ ਕੇਂਦਰੀ ਟੀਮ ਵਲੋਂ ਕਪੂਰਥਲਾ ਜ਼ਿਲੇ੍ਹ ਦਾ ਦੌਰਾ ਕਰਕੇ ਪਾਣੀ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ ਗਿਆ | ਕੇਂਦਰੀ ਟੀਮ ਜਿਸ 'ਚ ਡਾਇਰੈਕਟਰ ਨੀਤੀ ਆਯੋਗ ਸ਼੍ਰੀ ਅਮਿਤ ਵਰਮਾ ਤੇ ਡਿਪਟੀ ਡਾਇਰੈਕਟਰ ਕੇਂਦਰੀ ਜਲ ਕਮਿਸ਼ਨ ਬਿ੍ਜੇਸ਼ ਸਿੰਘ ਵਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ | ਟੀਮ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਨੇ ਟੀਮ ਨੂੰ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਣੀ ਦੀ ਸਾਂਭ ਸੰਭਾਲ ਤੇ ਵਿਸ਼ੇਸ਼ ਕਰਕੇ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ | ਕੇਂਦਰੀ ਟੀਮ ਵਲੋਂ ਪਿੰਡ ਨੱਥੂ ਚਾਹਲ ਵਿਚ ਕੈਨਾਲ ਆਰਟੀਫਿਸ਼ੀਅਲ ਰੀਚਾਰਜਿੰਗ ਪੌਂਡ, ਮਸੀਤਾਂ ਵਿਖੇ ਥਾਪਰ ਮਾਡਲ ਤਹਿਤ ਪਾਣੀ ਦੀ ਸਿੰਜਾਈ ਲਈ ਵਰਤੋਂ, ਮੀਰੇ ਪਿੰਡ ਵਿਖੇ ਡਰਿੱਪ ਇਰੀਗੇਸ਼ਨ ਤੇ ਨਿਰਮਲ ਕੁਟੀਆ ਦਾ ਦੌਰਾ ਕਰਕੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੇਖਿਆ ਗਿਆ | ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਟੀਮ ਨੂੰ ਪਵਿੱਤਰ ਵੇਈਾ ਨੂੰ ਸੁਰਜੀਤ ਕਰਨ ਤੇ ਸੀਚੇਵਾਲ ਵਿਖੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਟੀਮ ਵਲੋਂ ਕੈਚ ਦਾ ਰੇਨ 2025 ਮੁਹਿੰਮ ਤਹਿਤ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਮੀਂਹ ਦੇ ਪਾਣੀ ਦੀ ਵੱਧ ਤੋਂ ਵੱਧ ਸੰਭਾਲ ਤੇ ਸਹੀ ਵਰਤੋਂ ਉੱਪਰ ਜ਼ੋਰ ਦਿੱਤਾ ਗਿਆ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਤੋਂ ਪਹਿਲਾਂ ਜ਼ਿਲੇ੍ਹ ਦੇ ਲਗਭਗ 600 ਪਿੰਡਾਂ ਅੰਦਰ ਛੱਪੜਾਂ ਦੀ ਸਫ਼ਾਈ ਕਰਵਾਈ ਗਈ ਹੈ | ਇਸ ਤੋਂ ਇਲਾਵਾ ਮੀਂਹ ਦੇ ਪਾਣੀ ਦੀ ਸੰਭਾਲ ਲਈ ਵੱਡੀ ਗਿਣਤੀ 'ਚ ਪਿੰਡਾਂ ਅੰਦਰ ਥਾਪਰ ਮਾਡਲ ਤਹਿਤ ਛੱਪੜ ਬਣਾਏ ਗਏ ਹਨ, ਜਿਸ ਨਾਲ ਨੇੜਲੇ ਖੇਤਰਾਂ ਅੰਦਰ ਸਿੰਜਾਈ ਲਈ ਪਾਣੀ ਵਰਤਿਆ ਜਾ ਰਿਹਾ ਹੈ | ਇਸ ਮੌਕੇ ਨਗਰ ਨਿਗਮ ਕਪੂਰਥਲਾ ਤੇ ਫਗਵਾੜਾ, ਪੰਚਾਇਤ ਵਿਭਾਗ, ਖੇਤੀਬਾੜੀ, ਬਾਗਬਾਨੀ , ਜਲ ਸਰੋਤ ਵਿਭਾਗ, ਭੂਮੀ ਰੱਖਿਆ ਵਿਭਾਗ, ਜਲ ਸਪਲਾਈ ਦੇ ਅਧਿਕਾਰੀ ਹਾਜ਼ਰ ਸਨ |