ਸੁਲਤਾਨਪੁਰ ਲੋਧੀ, 18 ਜੂਨ (ਨਰੇਸ਼ ਹੈਪੀ)-ਮੱਕੀ ਦਾ ਸੀਜ਼ਨ ਸ਼ੁਰੂ ਹੋਣ ਉਪਰੰਤ ਕੁਝ ਇਕ ਲੋਕਾਂ ਵੱਲੋਂ ਮੱਕੀ ਦੀ ਰਹਿੰਦ ਖੰੂਹਦ ਮੰਡੀ ਵਿਚੋਂ ਇਕੱਠੀ ਕਰਕੇ ਬਾਹਰ ਮੁੱਖ ਸੜਕ ਤੇ ਇੱਕ ਪਾਸੇ ਖਿਲਾਰ ਦਿੱਤੀ ਜਾਂਦੀ ਹੈ ਤਾਂ ਜੋ ਉਸਨੂੰ ਸੁਕਾਇਆ ਜਾ ਸਕੇ ਅਤੇ ਉਸ ਵਿਚੋਂ ਮੱਕੀ ਦੇ ਦਾਣੇ ਛਾਂਟੇ ਜਾ ਸਕਣ | ਸਿਰਫ਼ ਇਹੀਓ ਨਹੀਂ, ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਬਣੀ ਨਵੀਂ ਫੋਰ ਲੇਨ ਸੜਕ ਉੱਪਰ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਦੇ ਬਾਹਰ ਦੋਨਾਂ ਪਾਸਿਆਂ ਤੇ ਫੋਰ ਲੇਨ ਸੜਕ ਦਾ ਚੌਥਾ ਹਿੱਸਾ ਮੱਕੀ ਦੇ ਛਾਨ ਨਾਲ ਭਰ ਦਿੱਤਾ ਜਾਂਦਾ ਹੈ ਜੋ ਕਿ ਸਿੱਧੇ ਤੌਰ ਤੇ ਸੜਕ ਹਾਦਸੇ ਨੂੰ ਸੱਦਾ ਦਿੰਦਾ ਹੈ | ਇਸ ਖਿਲਾਰੇ ਹੋਏ ਮੱਕੀ ਦੇ ਛਾਨ ਬੂਰੇ ਦੇ ਉੱਪਰੋਂ ਜਦੋਂ ਕੋਈ ਟੂ ਵੀਲਰ ਸਕੂਟਰ ਜਾਂ ਮੋਟਰ ਸਾਈਕਲ ਲੰਘਦਾ ਹੈ ਤਾਂ ਉਹ ਸਲਿਪ ਕਰ ਜਾਂਦਾ ਹੈ | ਸੁਲਤਾਨਪੁਰ ਲੋਧੀ ਪ੍ਰਸ਼ਾਸਨ ਦਾ ਇਸ ਪਾਸੇ ਬਿਲਕੁਲ ਧਿਆਨ ਨਹੀਂ ਹੈ, ਸ਼ਾਇਦ ਉਹ ਕਿਸੇ ਵੱਡੀ ਦੁਰਘਟਨਾ ਦੇ ਇੰਤਜ਼ਾਰ ਵਿੱਚ ਹਨ | ਨਵੀਂ ਦਾਣਾ ਮੰਡੀ ਤੋਂ ਲੈ ਕੇ ਕਪੂਰਥਲਾ ਰੋਡ ਤੇ ਡਿੰਗੇ ਪੁੱਲ ਤੱਕ ਇਹ ਛਾਨ ਬੂਰਾ ਖਿਲਾਰਿਆ ਹੋਇਆ ਹੈ |