ਨਡਾਲਾ, 19 ਜੂਨ (ਰਘਬਿੰਦਰ ਸਿੰਘ)-ਬੀਤੀ ਦਸੰਬਰ 2024 ਨੂੰ ਨਗਰ ਪੰਚਾਇਤ ਚੋਣਾਂ ਤੋਂ ਠੀਕ ਇਕ ਹਫ਼ਤੇ ਪਹਿਲਾਂ ਨਡਾਲਾ-ਸੁਭਾਨਪੁਰ ਸੜਕ ਦੇ ਨਿਰਮਾਣ ਲਈ ਸੱਤਾ ਧਾਰੀ ਆਗੂਆਂ ਨੇ ਉਕਤ ਸੜਕ ਦਾ ਤੀਜਾ ਉਦਘਾਟਨ ਕਰਦਿਆਂ ਆਖਿਆਂ ਸੀ ਕਿ ਮਹਿਜ਼ 10 ਦਿਨ ਦੇ ਅੰਦਰ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ ਪਰ ਦਿਨ ਬੀਤਦੇ ਗਏ ਤੇ ਸੜਕ ਦੇ ਨਿਰਮਾਣ ਲਈ ਕੋਈ ਵੀ ਨਾ ਬਹੁੜਿਆ, ਮਾਰਚ 'ਚ ਫਿਰ ਸੱਤਾ ਧਾਰੀਆਂ ਆਗੂਆਂ ਵਲੋਂ ਧਰਵਾਸ ਮਿਲਿਆ ਕਿ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਨਡਾਲਾ- ਸੁਭਾਨਪੁਰ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ ਪਰ ਜਿਸ ਤਰ੍ਹਾਂ ਜੂਨ ਮਹੀਨਾ ਸਾਰਾ ਬੀਤ ਚੱਲਿਆ, ਲੱਗਦਾ ਨਹੀਂ ਹੈ ਕਿ ਜੂਨ ਮਹੀਨੇ ਵੀ ਸੜਕ ਦੀ ਜੂਨ ਸੁਧਰੇਗੀ | ਹਲਾਤ ਇਹ ਹਨ ਕਿ ਖਸਤਾ ਹਾਲਤ 'ਚ ਸੁਭਾਨਪੁਰ-ਨਡਾਲਾ ਸੜਕ ਹੁਣ ਆਪਣੀ ਤਰਸਯੋਗ ਹਾਲਤ 'ਤੇ ਆਪ ਹੀ ਹੰਝੂ ਵਹਾਉਣ ਲੱਗ ਪਈ ਹੈ | ਸੜਕ 'ਤੇ ਪਏ ਡੂੰਘੇ ਟੋਏ ਨਿੱਤ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਇਸ ਤੋਂ ਪਹਿਲਾਂ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਇਸ ਸਮੱਸਿਆ ਦੇ ਹੱਲ ਲਈ ਕਿਸੇ ਦਾ ਵੀ ਧਿਆਨ ਨਹੀਂ | ਸਿਰਫ਼ ਲਾਰਾ ਲੱਪਾ ਲਾ ਕੇ ਡੰਗ ਟਪਾਇਆ ਜਾ ਰਿਹਾ ਹੈ ਸਥਾਨਕ ਲੋਕਾਂ ਨੇ ਕਿਹਾ ਕਿ ਇੰਨਾ ਲੰਬਾ ਸਮਾਂ ਬੀਤ ਚੁੱਕਾ ਹੈ, ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਆਸੀ ਲੀਡਰਾਂ ਦੇ ਦਫ਼ਤਰਾਂ ਦੇ ਚੱਕਰ ਮਾਰੇ ਹਨ ਪਰ ਸਮੱਸਿਆ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ | ਗੱਲਬਾਤ ਕਰਦਿਆਂ ਨਡਾਲਾ ਤੇ ਆਸ ਪਿੰਡਾਂ ਦੇ ਮੋਹਤਬਰਾਂ ਨੇ ਦੱਸਿਆ ਕਿ ਸਾਲ ਕੁ ਪਹਿਲਾਂ ਉਨ੍ਹਾਂ ਉਕਤ ਸੜਕ ਬਣਾਉਣ ਲਈ ਡੀ. ਸੀ. ਕਪੂਰਥਲਾ ਨੂੰ ਮੰਗ-ਪੱਤਰ ਵੀਂ ਦਿੱਤਾ ਸੀ ਪਰ ਕੁੱਝ ਨੀ ਬਣਿਆ | ਇਸ ਸੰਬੰਧੀ ਐਂਟੀ ਕਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਡੀ, ਅਮਿਤ ਕੁਮਾਰ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਜਤਿੰਦਰ ਸਿੰਘ, ਪ੍ਰੀਤਮ ਲਾਲ, ਰਮੇਸ਼ ਕੁਮਾਰ, ਜਤਿੰਦਰ ਅਰੋੜਾ, ਇੰਦਰਪਾਲ ਸਿੰਘ ਆਦਿ ਸਥਾਨਕ ਵਾਸੀਆਂ ਨੇ ਆਖਿਆ ਕਿ ਇਸ ਸੜਕ 'ਤੇ ਦੀ ਕਈ ਸਕੂਲੀ ਬੱਸਾਂ ਸਫ਼ਰ ਤਹਿ ਕਰਦੀਆਂ ਹਨ | ਉਨ੍ਹਾਂ ਨੂੰ ਤਾਂ ਡਰ ਸਤਾਇਆ ਰਹਿੰਦੇ ਹੈ ਕਿ ਕੋਈ ਹਾਦਸਾ ਨਾ ਵਾਪਰ ਜਾਵੇ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਲੀਡਰ ਵੀ ਸੜਕ ਬਣਾਉਣ ਲਈ ਆਪਣੇ ਸਾਥੀਆਂ ਨਾਲ ਵਾਹ-ਵਾਹ ਖੱਟਣ ਲਈ ਕਈ ਵਾਰ 'ਫੀਤਾ' ਕੱਟ ਕੇ ਜਾ ਚੁੱਕੇ ਹਨ ਪਰ ਬਾਅਦ ਵਿਚ ਮੁੜ ਸੜਕ ਬਣਾਉਣ ਦਾ ਉਨ੍ਹਾਂ ਦੇ ਮੰਨ 'ਚ ਖਿਆਲ ਵੀ ਨਹੀਂ ਆਇਆ ਲੱਗਦਾ | ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਨੇੜੇ ਦੇ ਪਿੰਡਾਂ ਦੇ ਲੋਕਾਂ ਨਾ ਇਕੱਠੇ ਹੋ ਕੇ ਵੱਡੇ ਪੱਧਰ 'ਤੇ ਸੰਘਰਸ਼ ਵਿੱਢਣਗੇ | ਇਸ ਸਬੰਧੀ ਜਦੋਂ ਪੀ.ਡਬਲਿਊ.ਡੀ ਵਿਭਾਗ ਦੇ ਐੱਸ. ਡੀ. ਓ. ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਫਿਰ ਉਹੀ ਰਟਿਆ ਰਟਾਇਆ ਜੁਆਬ ਮਿਲਿਆ ਕਿ ਸੜਕ ਚੌੜੀ ਕਰਨ ਲਈ ਦਰੱਖਤਾਂ ਨੂੰ ਕਟਵਾਉਣ ਸਬੰਧੀ ਲਿਖਤੀ ਲੈਟਰ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜਦੋਂ ਹੀ ਮਨਜ਼ੂਰੀ ਮਿਲਦੀ ਹੈ ਤਾਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ |