ਕਪੂਰਥਲਾ, 23 ਅਕਤੂਬਰ (ਅਮਰਜੀਤ ਕੋਮਲ)-ਪ੍ਰਸ਼ਾਸਨ, ਖੇਤੀਬਾੜੀ ਵਿਭਾਗ ਤੇ ਕਿਸਾਨਾਂ ਦੇ ਸਾਂਝੇ ਯਤਨਾਂ ਨਾਲ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਕਪੂਰਥਲਾ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਹੈ | ਸਾਲ 2023 ਵਿਚ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ 1100 ਮਾਮਲੇ, ਸਾਲ 2024 ਵਿਚ 357 ਤੇ ਸਾਲ 2025 ਵਿਚ ਅੱਜ ਦੇ ਦਿਨ ਤੱਕ 15 ਮਾਮਲੇ ਸਾਹਮਣੇ ਆਏ ਹਨ | ਜੇਕਰ ਪਿਛਲੇ 2 ਸਾਲਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਦਾ ਲੇਖਾ ਜੋਖਾ ਕਰੀਏ ਤਾਂ 23 ਅਕਤੂਬਰ 2023 ਤੱਕ ਜ਼ਿਲ੍ਹੇ ਵਿਚ 97, 23 ਅਕਤੂਬਰ 24 ਤੱਕ ਜ਼ਿਲ੍ਹੇ ਵਿਚ 70 ਮਾਮਲੇ ਦਰਜ ਕੀਤੇ ਗਏ ਸਨ | ਜੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਸ ਸਮੇਂ ਜ਼ਿਲ੍ਹਾ ਤਰਨ ਤਾਰਨ ਵਿਚ 159, ਅੰਮਿ੍ਤਸਰ ਵਿਚ 133, ਫ਼ਿਰੋਜ਼ਪੁਰ ਵਿਚ 58, ਗੁਰਦਾਸਪੁਰ ਵਿਚ 25, ਪਟਿਆਲਾ ਵਿਚ 32, ਸੰਗਰੂਰ ਵਿਚ 18 ਅਤੇ ਕਪੂਰਥਲਾ ਵਿਚ 15 ਮਾਮਲੇ ਪਰਾਲੀ ਸਾੜਨ ਦੇ ਰਿਕਾਰਡ ਕੀਤੇ ਗਏ | ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿਚ ਆਈ ਕਮੀ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਜ਼ਿਲ੍ਹੇ ਵਿਚ ਪਰਾਲੀ ਪੋ੍ਰਟੈਕਸ਼ਨ ਫੋਰਸ ਦਾ ਗਠਨ ਕੀਤਾ ਸੀ ਤੇ ਜ਼ਿਲ੍ਹੇ ਵਿਚ 27 ਹਾਟ ਸਪਾਟ ਖੇਤਰਾਂ ਦੀ ਸ਼ਨਾਖ਼ਤ ਕੀਤੀ ਸੀ ਤੇ ਇਨ੍ਹਾਂ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਨੂੰ ਖੇਤਾਂ ਵਿਚ ਸਾੜਨ ਦੀ ਬਜਾਏ ਇਸ ਨੂੰ ਖੇਤਾਂ ਵਿਚ ਹੀ ਮਿਲਾਉਣ ਤਾਂ ਜੋ ਜ਼ਿਲ੍ਹੇ ਵਿਚ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਠੱਲ੍ਹ ਪਾਈ ਜਾ ਸਕੇ | ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਕਿਸਾਨ ਭਰਾਵਾਂ ਨੇ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਪਹਿਲਾਂ ਹੀ ਜ਼ਿਲ੍ਹੇ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪਰਾਲੀ ਦੀਆਂ ਗੰਠਾਂ ਡੰਪ ਕਰਨ ਲਈ 50 ਜਨਤਕ ਥਾਵਾਂ ਦੀ ਚੋਣ ਕੀਤੀ ਗਈ ਸੀ ਤੇ ਬਾਅਦ ਵਿਚ ਇਨ ਸੀਟੂ (ਪਰਾਲੀ ਖੇਤਾਂ ਵਿਚ ਮਿਲਾਉਣ) ਤੇ ਐਕਸ ਸੀਟੂ (ਪਰਾਲੀ ਚੁੱਕ ਕੇ ਬਾਹਰ ਡੰਪ ਕਰਨ) ਦੀ ਸਕੀਮ ਅਪਣਾਏ ਜਾਣ ਨਾਲ ਵੀ ਪਰਾਲੀ ਸਾੜਨ ਦੇ ਬਹੁਤ ਥੋੜੇ੍ਹ ਮਾਮਲੇ ਦੇਖੇ ਗਏ ਹਨ | ਇਸੇ ਦੌਰਾਨ ਹੀ ਮੁੱਖ ਖੇਤੀਬਾੜੀ ਅਫ਼ਸਰ ਡਾ. ਐੱਚ.ਪੀ.ਐੱਸ. ਭਰੋਤ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਪਿਛਲੇ 5 ਸਾਲਾਂ ਤੇ ਇਸ ਵਰ੍ਹੇ ਆਈਆਂ 438 ਮਸ਼ੀਨਾਂ ਸਮੇਤ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਲਈ 5436 ਮਸ਼ੀਨਾਂ ਜਿਨ੍ਹਾਂ ਵਿਚ ਬੇਲਰ, ਜ਼ੀਰੋ ਟਿਲ ਡਰਿੱਲ, ਸਰਫੇਸ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਰੋਟਾਵੇਟਰ, ਮਲਚਰ, ਪੈਡੀ ਸਟਰਾਅ ਚੋਪਰ, ਹੈਪੀ ਸੀਡਰ, ਟਰੈਕਟਰ, ਰੀਪਰ ਕਮ ਬਾਇੰਡਰ, ਕਟਰ ਕਮ ਸਪਰੀਡਰ ਆਦਿ ਮਸ਼ੀਨਾਂ ਸ਼ਾਮਲ ਸਨ ਤੇ ਜ਼ਿਲ੍ਹੇ ਦੇ ਕਿਸਾਨਾਂ ਨੇ ਇਨ੍ਹਾਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਨੂੰ ਤਰਜ਼ੀਹ ਦਿੱਤੀ, ਜਿਸ ਦੇ ਬਹੁਤ ਹੀ ਸਾਰਥਿਕ ਨਤੀਜੇ ਸਾਹਮਣੇ ਆਏ ਹਨ | ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 56 ਪ੍ਰਤੀਸ਼ਤ ਝੋਨੇ ਦੀ ਕਟਾਈ ਹੋ ਚੁੱਕੀ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਕਿਸਾਨ ਅਗਲੇ ਦਿਨਾਂ ਵਿਚ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਦੀ ਅਪੀਲ ਨੂੰ ਪਹਿਲਾਂ ਦੀ ਤਰ੍ਹਾਂ ਭਰਵਾਂ ਹੁੰਗਾਰਾ ਦੇਣਗੇ | ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤੇ ਜਾਣ 'ਤੇ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਕਿਸਾਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਪਰਾਲੀ ਤੇ ਹੋਰ ਫ਼ਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਅੱਗ ਲਗਾਉਣ ਦੀ ਬਜਾਏ, ਇਸ ਨੂੰ ਖੇਤਾਂ ਵਿਚ ਹੀ ਮਿਲਾਉਣ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕੀਤੀ | ਭਾਵੇਂ ਝੋਨੇ ਦੇ ਖੇਤਾਂ ਵਿਚ ਮਸ਼ੀਨਾਂ ਰਾਹੀਂ ਕਟਾਈ ਚੱਲ ਰਹੀ ਹੈ | ਦੱਸਿਆ ਜਾਂਦਾ ਹੈ ਕਿ ਬਾਇਓਮਾਸ ਨਾਲ ਸਬੰਧਿਤ ਕੰਪਨੀਆਂ ਵਲੋਂ ਬੇਲਰਾਂ ਦੀ ਮਦਦ ਨਾਲ ਝੋਨੇ ਦੇ ਖੇਤਾਂ ਵਿਚੋਂ ਪਰਾਲੀ ਇਕੱਤਰ ਕਰਕੇ ਸਰਕਾਰ ਵਲੋਂ ਨਿਸ਼ਚਿਤ ਕੀਤੇ ਵੱਖ-ਵੱਖ ਡੰਪਾਂ 'ਤੇ ਇਕੱਤਰ ਕੀਤੀ ਜਾ ਰਹੀ ਹੈ ਤੇ ਕੁੱਝ ਕਿਸਾਨ ਅਗੇਤੀ ਕਣਕ ਦੀ ਬਿਜਾਈ ਸੁਪਰ ਸੀਡਰ ਤੇ ਹੈਪੀ ਸੀਡਰ ਨਾਲ ਕਰ ਰਹੇ ਹਨ | ਇੱਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਖੇਤਾਂ ਵਿਚ ਮਿਲਾਉਣ ਲਈ ਕੋਈ ਵਿੱਤੀ ਮਦਦ ਨਹੀਂ ਦਿੱਤੀ ਜਾ ਰਹੀ ਪਰ ਫਿਰ ਵੀ ਕਿਸਾਨ ਵਾਤਾਵਰਨ ਪੱਖੀ ਸੋਚ ਅਪਣਾਕੇ ਪਰਾਲੀ ਪ੍ਰਬੰਧਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ |