19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਹੋਈ ਘਰ ਵਾਪਸੀ

ਅਜੀਤ ਡੈਸਕ 07-11-2025
• 7-8 ਮਹੀਨਿਆਂ ਤੋਂ ਟੁੱਟਿਆ ਪਿਆ ਸੀ ਪਰਿਵਾਰ ਨਾਲੋਂ ਸੰਪਰਕ
ਸੁਲਤਾਨਪੁਰ ਲੋਧੀ, 6 ਨਵੰਬਰ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਵਿਚ ਫਸਿਆ ਪੰਜਾਬ ਦਾ ਇੱਕ ਨੌਜਵਾਨ ਸਹੀ-ਸਲਾਮਤ ਵਾਪਸ ਆਪਣੇ ਪਰਿਵਾਰ ਵਿਚ ਪਰਤ ਆਇਆ ਹੈ | ਪਿੰਡ ਨਸੀਰਪੁਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਦੀ ਜੇਲ੍ਹ 'ਚ ਕਈ ਪੰਜਾਬੀ ਮੁੰਡੇ ਸਾਲਾਂ ਤੋਂ ਕੈਦ ਹਨ, ਜਿਨ੍ਹਾਂ 'ਚੋਂ ਬਹੁਤੇ ਆਪਣੇ ਮਾਪਿਆਂ ਦੇ ਸੰਪਰਕ ਨੰਬਰ ਤੱਕ ਭੁੱਲ ਚੁੱਕੇ ਹਨ ਅਤੇ ਘਰ ਨਾਲ ਰਾਬਤਾ ਨਹੀਂ ਕਰ ਸਕਦੇ | ਦਲਜੀਤ ਸਿੰਘ ਨੇ ਦੱਸਿਆ ਕਿ ਉਹ 2018 ਵਿਚ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਗਿਆ ਸੀ | ਕਈ ਸਾਲ ਉੱਥੇ ਮਿਹਨਤ ਕਰਨ ਦੇ ਬਾਵਜੂਦ ਨਾ ਤਾਂ ਉਸ ਨੂੰ ਤਨਖ਼ਾਹ ਮਿਲੀ, ਨਾ ਹੀ ਇਨਸਾਫ਼ | ਮਾਲਕਾਂ ਵਲੋਂ ਧੋਖਾਧੜੀ ਦਾ ਸ਼ਿਕਾਰ ਹੋਣ ਉੱਪਰੋਂ, ਉਸ ਨੂੰ ਪੁਲਿਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ | ਜੇਲ੍ਹ 'ਚ ਬਤੀਤ ਕੀਤੇ ਸਮੇਂ ਨੂੰ ਕੌੜੀ ਯਾਦ ਵਜੋਂ ਯਾਦ ਕਰਦਿਆਂ ਉਸ ਨੇ ਦੱਸਿਆ ਕਿ ਜੇਲ੍ਹ ਦੇ ਹਾਲਾਤ ਬਹੁਤ ਹੀ ਭਿਆਨਕ ਸਨ | 'ਇੱਕ ਛੋਟੇ ਕਮਰੇ ਵਿਚ 70 ਤੋਂ 80 ਬੰਦੇ ਰੱਖੇ ਜਾਂਦੇ ਸਨ, ਜਿੱਥੇ ਸਾਹ ਲੈਣਾ ਵੀ ਔਖਾ ਹੁੰਦਾ ਸੀ | ਉਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਖਾਣਾ ਵੀ ਬਹੁਤ ਮਾੜਾ ਹੁੰਦਾ ਸੀ | ਦਲਜੀਤ ਨੇ ਜੇਲ੍ਹ ਦੇ ਭਿਆਨਕ ਮੰਜ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਉੱਥੇ ਖੁੱਲ੍ਹੀ ਹਵਾ 'ਚ ਵੀ ਸਾਹ ਲੈਣ ਲਈ ਤਰਸੇ ਪਏ ਸੀ | ਦਲਜੀਤ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਉਹ ਫੜਿਆ ਗਿਆ, ਤਦ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ 5 ਮਹੀਨਿਆਂ ਵਿਚ ਦਲਜੀਤ ਦੀ ਵਾਪਸੀ ਹੋ ਜਾਵੇਗੀ ਪਰ 7–8 ਮਹੀਨੇ ਬੀਤ ਗਏ, ਕੋਈ ਸੁਨੇਹਾ ਨਾ ਆਇਆ | ਆਖ਼ਰ, ਉਨ੍ਹਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਦਲਜੀਤ 31 ਅਕਤੂਬਰ ਨੂੰ ਸੁਰੱਖਿਅਤ ਤੌਰ 'ਤੇ ਭਾਰਤ ਵਾਪਸ ਆ ਗਿਆ | ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਵਿਚ ਸਹਿਯੋਗ ਦੇਣ ਲਈ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦਾ ਫ਼ੈਸਲਾ ਆਪਣੇ ਜੀਵਨ ਨੂੰ ਖ਼ਤਰੇ ਵਿਚ ਪਾਉਣ ਦੇ ਬਰਾਬਰ ਹੈ | ਇਸ ਲਈ ਵਿਦੇਸ਼ ਜਾਣ ਲਈ ਹਮੇਸ਼ਾ ਕਾਨੂੰਨੀ ਤੇ ਸੁਰੱਖਿਅਤ ਤਰੀਕਿਆਂ ਨਾਲ ਹੀ ਕੀਤੀ ਜਾਵੇ |
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ 'ਚ ਪਰਚਾ ਦਰਜ ਅਗਲੀ ਖ਼ਬਰ ਗੁਰੂ ਘਰਾਂ 'ਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।