19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪ੍ਰਕਾਸ਼ ਪੁਰਬ ਮੌਕੇ ਜੇਬ ਕਤਰਿਆਂ ਨੇ ਸੰਗਤਾਂ ਦੀਆਂ ਜੇਬਾਂ ਅਤੇ ਮੋਬਾਈਲ ਚੋਰੀ ਕੀਤੇ, ਸੰਗਤਾਂ ਵਿਚ ਭਾਰੀ ਰੋਸ

ਅਜੀਤ ਡੈਸਕ 07-11-2025
ਸੁਲਤਾਨਪੁਰ ਲੋਧੀ , 6 ਨਵੰਬਰ (ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜੇਬ ਕਤਰਿਆਂ ਨੇ ਲਗਾਤਾਰ ਦੂਜੇ ਦਿਨ ਵੀ ਸੰਗਤਾਂ ਦੀ ਰੱਜ ਕੇ ਲੁੱਟ ਕੀਤੀ ਤੇ ਜੇਬਾਂ ਕੱਟੀਆਂ , ਪਰਸ ਤੇ ਅਣਗਿਣਤ ਹੀ ਮੋਬਾਈਲ ਚੋਰੀ ਕੀਤੇ ਗਏ | ਬੀਤੇ ਕੱਲ੍ਹ ਸਜਾਏ ਗਏ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਦੇ ਪਰਸ ਤੇ ਮੋਬਾਈਲ ਚੋਰੀ ਹੋਏ ਸਨ,ਪਰ ਪੁਲਿਸ ਪ੍ਰਸ਼ਾਸਨ ਨੇ ਇਸ ਸੰਬੰਧੀ ਅੱਜ ਦੂਜੇ ਦਿਨ ਵੀ ਕੋਈ ਪੁਖ਼ਤਾ ਪ੍ਰਬੰਧ ਕਰਨ ਦੀ ਖੇਚਲ਼ ਨਹੀਂ ਕੀਤੀ | ਅੰਮਿ੍ਤਸਰ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਈ ਕਿਰਨਜੋਤ ਕੌਰ ਨੇ ਦੱਸਿਆ ਕਿ ਜਦੋਂ ਉਹ ਅੱਜ ਸਵੇਰੇ ਦਰਬਾਰ ਹਾਲ ਵਿਚ ਮੱਥਾ ਟੇਕਣ ਲੱਗੇ ਤਾਂ ਮੋਬਾਈਲ ਫ਼ੋਨ ਗੁੰਮ ਹੋ ਗਿਆ | ਪ੍ਰਕਾਸ਼ ਗੁਰਪੁਰਬ ਮੌਕੇ ਹੋਈਆਂ ਅਜਿਹੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਤੇ ਡੱਲਾ ਜੋਨ ਦੇ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਨੇ ਦੱਸਿਆ ਕਿ ਕੱਲ ਨਗਰ ਕੀਰਤਨ ਵਿਚ ਮੱਥਾ ਟੇਕਣ ਸਮੇਂ ਜੇਬ ਕਤਰੇ ਮੇਰੀ ਵੀ ਜੇਬ ਸਾਫ਼ ਕਰ ਗਏ ਤੇ ਇਸ ਸਮੇਂ ਅਨੇਕਾਂ ਹੋਰ ਸ਼ਰਧਾਲੂ ਆਪਣੇ ਚੋਰੀ ਹੋਏ ਪਰਸ, ਮੋਬਾਈਲ ਬਾਰੇ ਜਾਣਕਾਰੀ ਦਿੰਦੇ ਰਹੇ ,ਪਰ ਕੋਈ ਸੁਣਨ ਵਾਲਾ ਨਹੀਂ ਸੀ | ਕਿਸਾਨ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਕੁਲਵੰਤ ਸਿੰਘ ਮੋਖੇ ਦਾ ਕੀਮਤੀ ਮੋਬਾਈਲ ਵੀ ਨਿਕਲ ਗਿਆ | ਇਸ ਸਮੇਂ ਚੋਰ ਪਰਮਜੀਤ ਸਿੰਘ ਪੱਕੇ ਕੋਠੇ ਦਾ ਪਰਸ ਲੈ ਗਏ ਜਿਸ ਵਿਚ 19 ਹਜ਼ਾਰ ਤੋਂ ਵੱਧ ਰੁਪਏ ਸਨ ਜੋ ਕਿ ਕਿਸੇ ਦੇ ਦੇਣ ਲਈ ਲੈ ਕੇ ਆਇਆ ਸੀ , ਪਰ ਰਸਤੇ ਵਿਚ ਹੀ ਲੁੱਟ ਹੋ ਗਿਆ | ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੀ ਪ੍ਰਕਾਸ਼ ਪੁਰਬ ਜੋੜ ਮੇਲੇ ਦੌਰਾਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸ਼ਰਧਾਲੂਆਂ ਦੇ ਮੋਬਾਈਲ ਕੱਢ ਕੇ ਚੋਰੀ ਕਰਨ , ਜੇਬਾਂ ਕੱਟਣ ਤੇ ਪਰਸ ਕੱਢਣ ਦੀਆਂ ਅਨੇਕਾਂ ਸ਼ਿਕਾਇਤਾਂ ਮਿਲ ਰਹੀਆਂ ਸਨ | ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਸੰਗਤਾਂ ਜੇਬ ਕਤਰਿਆਂ ਤੋਂ ਪ੍ਰੇਸ਼ਾਨ ਮਿਲੀਆਂ ਤੇ ਬਹੁਤ ਸਾਰੀਆਂ ਸੰਗਤਾਂ ਦੇ ਮੋਬਾਈਲ ਤੇ ਪਰਸ ਚੋਰੀ ਹੋਏ ਹਨ ਜੋ ਕਿ ਪੁਲਸ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਹੈ | ਉਧਰ ਕੁੱਝ ਨੌਜਵਾਨਾਂ ਵੱਲੋਂ ਮੋਬਾਈਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਦਾ ਕੁਟਾਪਾ ਵੀ ਕੱਢਿਆ ਗਿਆ ਹੈ |ਚੋਰੀ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਸੰਗਤਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਬਣਾਈ ਜਾਵੇਗੀ ਸੁੰਦਰ ਪਾਰਕ-ਵਿਜੈ ਪੰਡੋਰੀ ਅਗਲੀ ਖ਼ਬਰ ਕੰਪਿਊਟਰ ਅਧਿਆਪਕ 8 ਨੂੰ ਤਰਨ ਤਾਰਨ ਹਲਕੇ 'ਚ ਕਰਨਗੇ 'ਝੰਡਾ ਮਾਰਚ ਮਹਾਂ ਰੈਲੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।