ਸੁਲਤਾਨਪੁਰ ਲੋਧੀ, 24 ਨਵੰਬਰ (ਨਰੇਸ਼ ਹੈਪੀ)-ਕ੍ਰਾਈਸਟ ਜੋਤੀ ਕਾਨਵੈਂਟ ਸਕੂਲ ਦਾ ਦੋ ਰੋਜ਼ਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ | ਸਮਾਗਮ ਦੀ ਪ੍ਰਧਾਨਗੀ ਪਿ੍ੰਸੀਪਲ ਸਿਸਟਰ ਐਂਸਲੇਟ ਨੇ ਕੀਤੀ | ਦੂਜੇ ਦਿਨ ਦੇ ਸਮਾਗਮ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਰਾਜੇਸ਼ ਵਰਮਾ ਤੇ ਵਿਸ਼ੇਸ਼ ਮਹਿਮਾਨ ਵਜੋਂ ਆਈ.ਪੀ.ਐਸ. ਧੀਰੇਂਦਰ ਵਰਮਾ ਏ.ਐਸ.ਪੀ ਸੁਲਤਾਨਪੁਰ ਲੋਧੀ ਤੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਸ਼ਾਮਿਲ ਹੋਏ | ਪਿ੍ੰਸੀਪਲ, ਮੈਨੇਜਮੈਂਟ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਸਮਾਗਮ 'ਚ ਪੁੱਜੇ ਮਹਿਮਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਮਹਿਮਾਨ ਆਈ.ਪੀ.ਐਸ. ਧੀਰੇਂਦਰ ਵਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਮਾਗਮ 'ਚ ਜਿਸ ਤਰ੍ਹਾਂ ਵੱਖ-ਵੱਖ ਧਰਮਾਂ, ਮਜ਼੍ਹਬਾਂ ਤੇ ਦੇਸ਼ ਪ੍ਰੇਮ ਦੇ ਨਾਲ ਕਲਾਕਾਰੀ ਪੇਸ਼ ਕੀਤੀ, ਉਸ ਨੇ ਸਮਾਗਮ ਨੂੰ ਹੋਰ ਵੀ ਸੁੰਦਰ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਕੂਲ 'ਚ ਜਿੱਥੇ ਸਾਡੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ, ਉੱਥੇ ਸਾਨੂੰ ਸਮਾਜ ਦੀਆ ਉਚਾਈਆਂ ਤੇ ਵੀ ਪਹੁੰਚਣ ਵਿਚ ਸਹਾਇਕ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪੜਾਈ ਜ਼ਰੀਏ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ | ਇਸ ਮੌਕੇ ਪਿ੍ੰਸੀਪਲ ਤੇ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਦੇਸ਼ ਭਗਤੀ, ਸਰਵ ਧਰਮ ਨਾਲ ਸਬੰਧਿਤ, ਵੱਖ-ਵੱਖ ਸੂਬਿਆਂ ਦੇ ਸੰਸਕਿ੍ਤੀ ਨਾਲ ਸਬੰਧਿਤ, ਵਿਦਿਆਰਥੀਆਂ ਵੱਲੋਂ ਇੰਸਟਰੁਮੈਂਟ ਮਿਊਜ਼ਿਕ ਵਿਦ ਸੌਂਗ, ਸਿੰਧੂਰ ਓਪਰੇਸ਼ਨ ਸਪੈਸ਼ਲ, ਗਿੱਧਾ ਤੇ ਭੰਗੜਾ ਆਦਿ ਪੇਸ਼ਕਾਰੀਆਂ ਦੇ ਕੇ ਸਮਾਂ ਬੰਨਿ੍ਹਆ ਗਿਆ | ਸਮਾਗਮ ਮੌਕੇ ਪਿ੍ੰਸੀਪਲ ਸਿਸਟਰ ਐਂਸਲੇਟ ਨੇ ਪਹੁੰਚੇ ਮਹਿਮਾਨਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ | ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਅਕਾਦਮਿਕ, ਸਪੋਰਟਸ, ਧਾਰਮਿਕ ਅਤੇ ਸਭਿਆਚਾਰਕ ਖੇਤਰ ਵਿਚ ਮਾਰੀਆਂ ਮੱਲਾਂ ਸੰਬੰਧੀ ਚਾਨਣਾ ਪਾਇਆ ਤੇ ਸਕੂਲ ਵਿਚ ਸਮੇਂ-ਸਮੇਂ ਹੋਈਆਂ ਗਤੀਵਿਧੀਆਂ ਤੇ ਵੀ ਰੌਸ਼ਨੀ ਪਾਈ ਗਈ | ਇਸ ਦੌਰਾਨ ਅਕਾਦਮਿਕ, ਸਪੋਰਟਸ, ਧਾਰਮਿਕ ਤੇ ਸਭਿਆਚਾਰਕ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਸਿਸਟਰ ਸ਼ੈਲੀ, ਮੈਨੇਜਰ ਮਦਰ ਵਿਕਟੋਰੀਆ, ਸਟਾਫ਼ ਸੈਕਟਰੀ ਅੰਜੂਮ ਧੀਰ, ਸਟਾਫ਼ ਸੈਕਟਰੀ ਸੁਨੀਲ ਕੁਮਾਰ, ਸਮੂਹ ਸਟਾਫ਼, ਐਡੀਸ਼ਨਲ ਥਾਣਾ ਮੁਖੀ ਪਾਲ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਰਿਪਨ ਮੌਗਲਾ, ਮੁਕੇਸ਼ ਸ਼ਰਮਾ, ਪੁਲਿਸ ਅਧਿਕਾਰੀ ਸ਼ਿੰਗਾਰਾ ਸਿੰਘ ਏ ਐਸ ਆਈ, ਸਕੂਲ ਵਿਦਿਆਰਥੀ ਆਦਿ ਮੌਜੂਦ ਸਨ |