ਕਪੂਰਥਲਾ, 24 ਨਵੰਬਰ (ਵਿ.ਪ੍ਰ.)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਐਂਡ ਸਿੰਧ ਬੈਂਕ ਦੀ ਕਪੂਰਥਲਾ ਸ਼ਾਖਾ ਦੇ ਚੀਫ ਮੈਨੇਜਰ ਅਨਿਲ ਕੁਮਾਰ, ਉੱਘੇ ਆੜ੍ਹਤੀਏ ਪਰਮਿੰਦਰ ਸਿੰਘ ਚੰਦੀ, ਅੰਤਰ ਰਾਸ਼ਟਰੀ ਹਾਕੀ ਖਿਡਾਰੀ ਦਵਿੰਦਰਪਾਲ ਸਿੰਘ ਮਹਿਰੋਕ, ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਗੁਰਜੀਤ ਸਿੰਘ ਚੀਮਾ ਤੇ ਹਰਪਾਲ ਸਿੰਘ ਜੰਮੂ ਜਰਮਨ ਵਲੋਂ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਸੁੰਨੜਵਾਲ ਦੇ ਵਿਦਿਆਰਥੀਆਂ ਨੂੰ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਜੈਕਟਾਂ ਭੇਟ ਕੀਤੀਆਂ | ਪਿੰਡ ਦੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਦਾਨੀ ਸ਼ਖ਼ਸੀਅਤਾਂ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਚੀਫ ਮੈਨੇਜਰ ਨੂੰ ਜੀ ਆਇਆਂ ਕਿਹਾ | ਉਨ੍ਹਾਂ ਕਿਹਾ ਕਿ ਸਮਾਜ ਭਲਾਈ ਦੇ ਕੰਮ ਭਾਗਾਂ ਵਾਲਿਆਂ ਦੇ ਹੀ ਜਿੰਮੇ ਆਉਂਦੇ ਹਨ | ਸਕੂਲ ਦੇ ਇੰਚਾਰਜ ਸੁਖਦਿਆਲ ਸਿੰਘ ਝੰਡ ਨੇ ਬੱਚਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬੈਂਕ ਦੇ ਚੀਫ ਮੈਨੇਜਰ ਤੇ ਹੋਰ ਸ਼ਖ਼ਸੀਅਤਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਮਨੂੰ ਕੁਮਾਰ ਪ੍ਰਾਸ਼ਰ, ਹਰਦੇਵ ਸਿੰਘ ਖਾਨੋਵਾਲ ਆਦਿ ਹਾਜ਼ਰ ਸਨ |