ਕਪੂਰਥਲਾ, 3 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 6 ਤੇ ਬਲਾਕ ਸੰਮਤੀ ਲਈ 85 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਕੋਲ ਦਾਖਲ ਕੀਤੇ | ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜਨ ਵਾਲੇ ਉਮੀਦਵਾਰ 4 ਦਸੰਬਰ ਜੋ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਆਖਰੀ ਮਿਤੀ ਹੈ, ਨੂੰ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰ ਸਕਣਗੇ | ਉਨ੍ਹਾਂ ਕਿਹਾ ਕਿ ਹੁਣ ਤੱਕ ਬਲਾਕ ਸੰਮਤੀ ਚੋਣਾਂ ਲਈ 88 ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾ ਚੁੱਕੇ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਪਰਚਿਆਂ ਦੀ ਪੜਤਾਲ 5 ਦਸੰਬਰ ਦਿਨ ਸ਼ੁੱਕਰਵਾਰ ਨੂੰ ਹੋਵੇਗੀ ਤੇ 6 ਦਸੰਬਰ ਨੂੰ 3 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈ ਸਕਣਗੇ | ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਵੋਟਾਂ ਪੈਣਗੀਆਂ ਤੇ 17 ਦਸੰਬਰ ਦਿਨ ਬੁੱਧਵਾਰ ਨੂੰ ਪ੍ਰਸ਼ਾਸਨ ਵਲੋਂ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ਵਿਚ ਵੋਟਾਂ ਦੀ ਗਿਣਤੀ ਹੋਵੇਗੀ | ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 10 ਤੇ ਪੰਚਾਇਤ ਸੰਮਤੀਆਂ ਦੇ 88 ਜ਼ੋਨ ਹਨ ਤੇ ਇਨ੍ਹਾਂ ਜ਼ੋਨਾਂ ਵਿਚੋਂ ਹੀ ਉਮੀਦਵਾਰ ਚੋਣ ਲੜਨਗੇ |
ਫਗਵਾੜਾ 'ਚ ਦੂਸਰੇ ਦਿਨ ਬਲਾਕ ਸੰਮਤੀ ਲਈ ਕੁੱਲ 28 ਨਾਮਜ਼ਦਗੀਆਂ ਹੋਈਆਂ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਰਕਾਰ ਵਲੋਂ 14 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਦੀਆਂ ਨਾਮਜ਼ਦਗੀਆਂ ਦੇ ਦੂਜੇ ਦਿਨ ਕੁੱਲ 28 ਨਾਮਜ਼ਦਗੀਆਂ ਹੋਈਆਂ ਹਨ | ਇਸ ਸਬੰਧੀ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਾਮਜ਼ਦਗੀਆਂ 2 ਦਸੰਬਰ ਤੋ ਸ਼ੁਰੂ ਹਨ ਅਤੇ 4 ਦਸੰਬਰ ਤੱਕ ਨਾਮਜ਼ਦਗੀਆਂ ਦੀ ਆਖ਼ਰੀ ਤਰੀਕ ਹੈ | ਉਨ੍ਹਾਂ ਨੇ ਦੱਸਿਆ ਕਿ 2 ਦਸੰਬਰ ਨੂੰ 3 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ ਅਤੇ 2 ਦਸੰਬਰ ਨੂੰ 25 ਨਾਮਜ਼ਦਗੀਆਂ ਪ੍ਰਾਪਤ ਹੋ ਚੁੱਕੀਆਂ ਹਨ ਅਤੇ ਹੁਣ ਤੱਕ ਸਾਡੇ ਕੋਲ ਕੁੱਲ 28 ਨਾਮਜ਼ਦਗੀਆਂ ਪ੍ਰਾਪਤ ਹੋ ਗਈਆਂ ਹਨ | ਜ਼ਿਕਰਯੋਗ ਹੈ ਕਿ ਫਗਵਾੜਾ ਹਲਕੇ ਦੇ 20 ਚੋਣ ਜ਼ੋਨ ਬਣਾਏ ਗਏ ਹਨ ਅਤੇ ਇਸ ਵਿਚ ਅਕਾਲੀ, ਭਾਜਪਾ, ਕਾਂਗਰਸ, ਆਪ, ਬੀ. ਜੇ. ਪੀ, ਬਹੁਤ ਸਮਾਜ ਪਾਰਟੀ , ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ, ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਆਪਣੀ ਜ਼ੋਰ ਅਜ਼ਮਾਇਸ਼ ਕਰਨਗੇ | 14 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ 17 ਦਸੰਬਰ ਨੂੰ ਨਤੀਜੇ ਆਉਣਗੇ |
ਸੁਲਤਾਨਪੁਰ ਲੋਧੀ ਵਿਚ ਪੰਚਾਇਤ ਸੰਮਤੀ ਲਈ 18 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਤੀਸਰੇ ਦਿਨ ਵੱਖ ਵੱਖ ਪਾਰਟੀਆਂ ਦੇ 18 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਰਿਟਰਨਿੰਗ ਅਫ਼ਸਰ ਕਮ ਐਸਡੀਐਮ ਸੁਲਤਾਨਪੁਰ ਲੋਧੀ ਕੋਲ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ | ਨਾਮਜ਼ਦਗੀਆਂ ਦਾਖਲ ਕਰਨ ਦੇ ਤੀਸਰੇ ਦਿਨ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਵੀ ਆਪਣੇ ਕਾਗ਼ਜ਼ ਦਾਖਲ ਕੀਤੇ ਜਦ ਕਿ ਆਜ਼ਾਦ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕਾਂ ਵੱਲੋਂ ਕੋਈ ਵੀ ਨਾਮਜ਼ਦਗੀ ਦਾਖਲ ਨਹੀਂ ਕੀਤੀ ਗਈ | ਨਾਮਜ਼ਦਗੀਆਂ ਦਾਖਲ ਕਰਨ ਵਾਲਿਆਂ ਵਿਚ ਫੱਤੋਵਾਲ ਜ਼ੋਨ ਸੁਖਜਿੰਦਰ ਸਿੰਘ ਆਪ, ਫੱਤੋਵਾਲ ਜ਼ੋਨ ਜਸਵਿੰਦਰ ਕੌਰ ਆਪ, ਕਬੀਰਪੁਰ ਜ਼ੋਨ ਸੋਨੀਆ ਸ਼੍ਰੋਮਣੀ ਅਕਾਲੀ ਦਲ, ਕਬੀਰਪੁਰ ਜ਼ੋਨ ਸੁਮਨ ਰਾਣੀ ਸ਼੍ਰੋਮਣੀ ਅਕਾਲੀ ਦਲ, ਭੌਰ ਜ਼ੋਨ ਸੰਤੋਖ ਸਿੰਘ ਕਾਂਗਰਸ, ਜੱਬੋਵਾਲ ਜ਼ੋਨ ਸਰਬਜੀਤ ਕੌਰ ਆਪ, ਮੈਰੀਪੁਰ ਜ਼ੋਨ ਜਸਪਾਲ ਆਪ, ਰਾਮਪੁਰ ਜਗੀਰ ਜ਼ੋਨ ਮਨਪ੍ਰੀਤ ਕੌਰ ਆਪ, ਕਮਾਲਪੁਰ ਜ਼ੋਨ ਰਣਧੀਰ ਸਿੰਘ ਆਪ, ਮੈਰੀਪੁਰ ਜ਼ੋਨ ਸ਼ਿੰਦਰਪਾਲ ਆਪ, ਪੰਡੋਰੀ ਜਗੀਰ ਜ਼ੋਨ ਸਤਿੰਦਰ ਕੌਰ ਕਾਂਗਰਸ, ਕਮਾਲਪੁਰ ਜ਼ੋਨ ਗੁਰਪ੍ਰੀਤ ਸਿੰਘ ਆਪ, ਭੌਰ ਜ਼ੋਨ ਗੁਰਪ੍ਰੀਤ ਸਿੰਘ ਆਪ, ਮਸੀਤਾਂ ਜ਼ੋਨ ਅਮਨਦੀਪ ਕੌਰ ਆਪ, ਫੱਤੋਵਾਲ ਜ਼ੋਨ ਗੁਰਜੀਤ ਸਿੰਘ ਕਾਂਗਰਸ, ਜੱਬੋਵਾਲ ਜ਼ੋਨ ਸੁਰਜੀਤ ਕੌਰ ਕਾਂਗਰਸ, ਜੱਬੋਵਾਲ ਜ਼ੋਨ ਜਸਵਿੰਦਰ ਕੌਰ ਕਾਂਗਰਸ, ਨਸੀਰੇਵਾਲ ਹੁਸ਼ਿਆਰ ਸਿੰਘ ਆਪ ਆਦਿ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ |
ਭੁਲੱਥ 'ਚ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖਲ ਨਹੀਂ ਕਰਵਾਏ
ਭੁਲੱਥ, (ਮਨਜੀਤ ਸਿੰਘ ਰਤਨ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਾਮਜ਼ਦਗੀਆਂ ਦੇ ਅੱਜ ਤੀਸਰੇ ਦਿਨ ਵੀ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਦਾਖਲ ਨਹੀਂ ਕਰਵਾਏ ਗਏ | ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫ਼ਸਰ ਐਸ.ਡੀ.ਓ. ਰਜਿੰਦਰ ਸਿੰਘ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਈ. ਓ. ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਚਾਰ ਦਸੰਬਰ ਤੱਕ ਨਾਮਜ਼ਦਗੀਆਂ ਦੀ ਤਰੀਕ ਮਿਥੀ ਗਈ ਸੀ ਪਰ ਅੱਜ ਤੀਸਰੇ ਦਿਨ ਵੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਵਲੋਂ ਨਾਮਜ਼ਦਗੀ ਦਾਖਲ ਨਹੀਂ ਕੀਤੇ | ਉਨ੍ਹਾਂ ਦੱਸਿਆ ਕਿ ਕੱਲ ਅਖੀਰਲੇ ਦਿਨ ਹੀ ਸਾਰੀਆਂ ਪਾਰਟੀਆਂ ਆਪਣਾ ਨਾਮਜ਼ਦਗੀ ਪੇਪਰ ਦਾਖਲ ਕਰਾਉਣਗੀਆਂ | ਇੱਥੇ ਇਹ ਗੱਲ ਇਹ ਜ਼ਿਕਰਯੋਗ ਹੈ ਕਿ ਹਲਕੇ ਭੁਲੱਥ ਦੇ 22 ਬਲਾਕ ਸੰਮਤੀਆਂ ਦੇ ਜ਼ੋਨ ਹਨ ਤੇ 3 ਜ਼ਿਲ੍ਹਾ ਪ੍ਰੀਸ਼ਦ ਜੋਨ | ਚੋਣਾਂ ਸਬੰਘੀ ਪਿੰਡਾਂ ਵਿਚ ਅਜੇ ਕੋਈ ਵੀ ਸਰਗਰਮੀ ਨਜ਼ਰ ਨਹੀਂ ਆ ਰਹੀ |
<br/>
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ<br> ਜ਼ਿਲ੍ਹੇ 'ਚ 91 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗਜ਼ ਦਾਖ਼ਲ
ਅਜੀਤ ਡੈਸਕ
04-12-2025