ਸੁਲਤਾਨਪੁਰ ਲੋਧੀ, 3 ਦਸੰਬਰ (ਨਰੇਸ਼ ਹੈਪੀ, ਥਿੰਦ)-ਸਰਦ ਰੁੱਤ ਦੇ ਸ਼ੁਰੂ ਹੋਏ ਪਾਰਲੀਮੈਂਟ ਸੈਸ਼ਨ ਨੂੰ ਵਿਚਾਲਓ ਛੱਡ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹ ਪ੍ਰਭਾਵਿਤ ਮੰਡ ਇਲਾਕੇ ਵਿਚ ਕਿਸਾਨਾਂ ਦੇ ਖੇਤ ਸੰਵਾਰਨ ਲਈ ਡਟ ਗਏ ਹਨ | ਸੰਤ ਸੀਚੇਵਾਲ ਨੇ ਦੱਸਿਆ ਕਿ ਦੋ ਦਿਨ ਸੈਸ਼ਨ ਹੰਗਾਮਿਆਂ ਦੀ ਭੇਟ ਚੜ੍ਹ ਗਿਆ | ਇੱਕ ਅੰਦਾਜ਼ੇ ਮੁਤਾਬਿਕ ਪਾਰਲੀਮੈਂਟ ਸੈਸ਼ਨ ਦਾ ਪ੍ਰਤੀ ਦਿਨ ਖਰਚਾ 10 ਕਰੋੜ ਤੋਂ ਵੱਧ ਆਉਂਦਾ ਹੈ | ਦੋ ਦਿਨਾਂ ਵਿਚ ਲੋਕਾਂ ਦੇ ਟੈਕਸਾਂ ਦਾ 20 ਕਰੋੜ ਬਰਬਾਦ ਹੋਣ ਦਾ ਕਿਸੇ ਵੀ ਧਿਰ ਨੂੰ ਦਰਦ ਮਹਿਸੂਸ ਨਹੀਂ ਹੋ ਰਿਹਾ | ਸੰਤ ਸੀਚੇਵਾਲ ਨੇ ਪਹਿਲਾਂ ਵੀ ਸੈਸ਼ਨ ਨਾ ਚੱਲਣ 'ਤੇ ਰਾਜ ਸਭਾ ਦੇ ਚੇਅਰਮੈਨ ਨੂੰ ਪੱਤਰ ਲਿਖਿਆ ਸੀ ਕਿ ਲੋਕਾਂ ਦੇ ਕਰੋੜਾਂ ਰੁਪਏ ਦੀ ਹੋ ਰਹੀ ਬਰਬਾਦੀ ਨੂੰ ਰੋਕਿਆ ਜਾਵੇ | ਮੰਡ ਇਲਾਕੇ ਦੇ ਸਾਂਗਰਾ ਪਿੰਡ ਵਿਚ ਗ੍ਰੰਥੀ ਕਾਬਲ ਸਿੰਘ ਦੇ ਡੇਢ ਖੇਤ ਵਿਚ ਕਣਕ ਦੀ ਬਿਜਾਈ ਸ਼ੁਰੂ ਕਰਵਾਈ | ਇਸ ਪਰਿਵਾਰ ਕੋਲ ਪੰਜ ਏਕੜ ਜ਼ਮੀਨ ਹੈ ਜਿਸ ਵਿਚ ਹੜ੍ਹ ਕਾਰਨ ਗਾਰ ਤੇ ਰੇਤਾ ਚੜ੍ਹ ਗਈ ਸੀ | ਸੰਤ ਸੀਚੇਵਾਲ ਦੀ ਟੀਮ ਵਿਚ ਸ਼ਾਮਿਲ ਸਤਿੰਦਰ ਸਿੰਘ ਬੱਗਾ ਨੇ ਜ਼ਮੀਨ ਪੱਧਰੀ ਕਰਨ ਲਈ ਵੱਡੇ ਟਰੈਕਟਰ ਤੇ ਡੀਜ਼ਲ ਮੁਫ਼ਤ ਦੇ ਕੇ ਉਨ੍ਹਾਂ ਦੀ ਜ਼ਮੀਨ ਸਵਾਰੀ ਸੀ | ਬਾਊਪੁਰ ਕਦੀਮ ਦੇ ਕਿਸਾਨ ਮੇਜਰ ਸਿੰਘ ਦੀ ਜ਼ਮੀਨ ਵਿਚ ਤਾਂ ਰੇਤਾ ਵੀ ਹੱਦ ਤੋਂ ਵੱਧ ਚੜ੍ਹੀ ਹੋਈ ਹੈ | ਇਸ ਕਿਸਾਨ ਦੀ ਜ਼ਮੀਨ ਪੱਧਰੀ ਕਰਨ ਲਈ ਇੱਕ ਐਕਸਾਵੇਟਰ ਅਤੇ ਟਰੈਕਟਰ ਲਾਏ ਹੋਏ ਹਨ | ਪੱਕੀ ਮਿੱਟੀ ਨੂੰ ਚਾਰ-ਚਾਰ ਫੁੱਟ ਪੁੱਟਿਆ ਜਾ ਰਿਹਾ ਹੈ ਤੇ ਉਸ ਨੂੰ ਮੁੜ ਰੇਤਾ ਨਾਲ ਭਰਿਆ ਜਾ ਰਿਹਾ ਹੈ ਤੇ ਉਸ 'ਤੇ ਪੱਕੀ ਮਿੱਟੀ ਪਾਈ ਜਾ ਰਹੀ | ਸੰਤ ਸੀਚੇਵਾਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਨੂੰ ਪੱਧਰਾ ਕਰਨ ਦਾ ਕੰਮ ਅੱਜ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਜਿਹੜੇ ਕਿਸਾਨਾਂ ਦੇ ਖੇਤ ਪੱਧਰ ਹੋ ਗਏ ਹਨ ਉਨ੍ਹਾਂ ਵਿਚ ਕਣਕ ਬੀਜ ਦਿੱਤੀ ਗਈ ਹੈ | ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਸੰਤ ਸੀਚੇਵਾਲ ਦੇ ਯਤਨਾਂ ਸਦਕਾ 250 ਏਕੜ ਜ਼ਮੀਨ ਪੱਧਰੀ ਕਰਕੇ ਕਣਕ ਦੀ ਬਿਜਾਈ ਹੋ ਚੁੱਕੀ ਹੈ | ਕਿਸਾਨਾਂ ਦੀ ਜ਼ਮੀਨਾਂ ਪੱਧਰੀਆਂ ਕਰਨ ਲਈ ਕੁਝ ਟਰੈਕਟਰ ਦਿਨ-ਰਾਤ ਵੀ ਚੱਲ ਰਹੇ ਹਨ |