ਨਵੀਂ ਦਿੱਲੀ, 18 ਮਈ (ਏਜੰਸੀ)-ਗ੍ਰਹਿ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੇ ਜੋ ਬਿਨੈਕਾਰ ਨਾਗਰਿਕਤਾ ਨਿਯਮ 2009 ਤਹਿਤ ਭਾਰਤੀ ਨਾਗਰਿਕਤਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਆਪਣੇ ਮੂਲ ਦੇਸ਼ ਤੋਂ ਜਾਰੀ ਪਾਸਪੋਰਟ ਦੀ ਸਥਿਤੀ ਬਾਰੇ 'ਚ ਇਕ ਘੋਸ਼ਣਾ ਪੱਤਰ ਦੇਣਾ ਹੋਵੇਗਾ | ਮੰਤਰਾਲੇ ਨੇ ਨਾਗਰਿਕਤਾ ਸੋਧ ਨਿਯਮ 2009 'ਚ ਸੋਧ ਕਰਦੇ ਹੋਏ ਇਕ ਨਵਾਂ ਪੈਰਾਗ੍ਰਾਫ਼ ਜੋੜਿਆ ਹੈ, ਜਿਸ ਤਹਿਤ ਬਿਨੈਕਾਰ ਕੋਲ ਪਾਕਿਸਤਾਨ, ਅਫ਼ਗਾਨਿਸਤਾਨ ਜਾਂ ਬੰਗਲਾਦੇਸ਼ ਦੀਆਂ ਸਰਕਾਰਾਂ ਵਲੋਂ ਜਾਰੀ ਕੋਈ ਵੀ ਯੋਗ ਅਤੇ/ਜਾਂ ਸਮਾਪਤ ਹੋ ਚੁੱਕਾ ਪਾਸਪੋਰਟ ਨਹੀਂ ਹੋਣਾ ਚਾਹੀਦਾ | ਰਾਜਪੱਤਰ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਜੇਕਰ ਬਿਨੈਕਾਰ ਕੋਲ ਕੋਈ ਯੋਗ (ਐਕਟਿਵ) ਪਾਸਪੋਰਟ ਹੈ ਤਾਂ ਉਸ ਨੂੰ ਪਾਸਪੋਰਟ ਨੰਬਰ ਅਤੇ ਹੋਰ ਜਾਣਕਾਰੀ, ਜਿਵੇਂ ਕਿ ਜਾਰੀ ਹੋਣ ਦੀ ਤਰੀਕ ਅਤੇ ਸਥਾਨ ਅਤੇ ਸਮਾਪਤ ਹੋਣ ਦੀ ਤਰੀਕ, ਜਮ੍ਹਾਂ ਕਰਵਾਉਣੇ ਹੋਣਗੇ | ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਨਾਗਰਿਕਤਾ ਅਰਜ਼ੀ ਦੇ ਪ੍ਰਵਾਨ ਹੋਣ ਦੇ 15 ਦਿਨਾਂ ਦੇ ਅੰਦਰ, ਆਪਣੇ ਯੋਗ ਅਤੇ/ਜਾਂ ਸਮਾਪਤ ਹੋ ਚੁੱਕੇ ਪਾਸਪੋਰਟ ਨੂੰ ਸੰਬੰਧਿਤ ਡਾਕ ਦੇ ਸੀਨੀਅਰ ਸੁਪਰਡੈਂਟ ਜਾਂ ਡਾਕ ਸੁਪਰਡੈਂਟ ਕੋਲ ਜਮ੍ਹਾਂ ਕਰਨ ਦਾ ਇਕ ਘੋਸ਼ਣਾ ਪੱਤਰ ਵੀ ਦੇਣਾ ਹੋਵੇਗਾ | ਇਹ ਨਵੀਂ ਵਿਵਸਥਾ ਨਿਯਮਾਂ ਦੀ ਅਨੁਸੂਚੀ ਆਈ. ਸੀ. ਦੇ ਬਾਅਦ ਜੋੜੀ ਜਾਏਗੀ, ਇਹ ਅਨੁਸੂਚੀ ਉਨ੍ਹਾਂ ਅਫ਼ਗਾਨ, ਬੰਗਲਾਦੇਸ਼ੀ ਅਤੇ ਪਾਕਿਸਤਾਨੀ ਨਾਗਰਿਕਾਂ ਲਈ ਹੈ, ਜੋ ਹਿੰਦੂ, ਸਿੱਖ, ਬੁੱਧ, ਜੈਨ, ਪਾਰਸੀ ਅਤੇ ਈਸਾਈ ਭਾਈਚਾਰਿਆਂ ਨਾਲ ਸੰਬੰਧਿਤ ਹਨ ਅਤੇ ਭਾਰਤੀ ਨਾਗਰਿਕਤਾ ਚਾਹੁੰਦੇ ਹਨ | ਨਾਗਰਿਕਤਾ (ਸੋਧ) ਕਾਨੂੰਨ 2019 ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਆਏ ਉਨ੍ਹਾਂ ਬਿਨਾਂ ਦਸਤਾਵੇਜ਼ਾਂ ਵਾਲੇ ਗੈਰ-ਮੁਸਲਿਮ ਪ੍ਰਵਾਸੀਆਂ ਅਤੇ ਈਸਾਈਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ ਦਾ ਰਾਹ ਪੱਧਰਾ ਕੀਤਾ, ਜੋ 31 ਦਸੰਬਰ, 2014 ਤੋਂ ਪਹਿਲਾਂ ਭਾਰਤ ਆਏ ਸਨ |