06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੰਜਾਬ 'ਚ ਤੇਜ਼ ਹਵਾਵਾਂ ਤੇ ਹਲਕੀ ਬਾਰਿਸ਼ ਦੇ ਬਾਵਜੂਦ ਤਪਸ਼ ਬਰਕਰਾਰ

ਅਜੀਤ ਡੈਸਕ 23-05-2026

44 ਡਿਗਰੀ ਨਾਲ ਬਠਿੰਡਾ ਰਿਹਾ ਸਭ ਤੋਂ ਗਰਮ
ਅੰਮਿ੍ਤਸਰ, ਚੰਡੀਗੜ੍ਹ, 22 ਮਈ (ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਾਨ)-ਬੀਤੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣ ਅਤੇ ਕੁਝ ਜਗ੍ਹਾ 'ਤੇ ਛਿੱਟੇ ਪੈਣ ਕਾਰਨ ਤਾਪਮਾਨ 'ਚ ਹਲਕੀ ਜਿਹੀ ਗਿਰਾਵਟ ਦਰਜ ਕੀਤੀ ਗਈ ਪਰ ਇਸ ਦੇ ਬਾਵਜੂਦ ਸੂਰਜ ਦੀ ਤਪਸ਼ 'ਚ ਕੋਈ ਜ਼ਿਆਦਾ ਅਸਰ ਨਹੀਂ ਪਿਆ | ਇਸ ਦੌਰਾਨ 44.0 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸਥਾਨ ਰਿਹਾ, ਜੋ ਇਕ ਦਿਨ ਪਹਿਲਾਂ ਨਾਲੋਂ 1.6 ਡਿਗਰੀ ਸੈਲਸੀਅਸ ਘੱਟ ਰਿਹਾ | ਅਗਲੇ 24 ਘੰਟਿਆਂ ਦੌਰਾਨ ਸੂਬੇ 'ਚ ਗਰਮੀ ਦੀ ਲਹਿਰ ਬਣੀ ਰਹੇਗੀ ਤੇ ਇਸ ਦੇ ਨਾਲ ਹੀ ਕਈ ਥਾਵਾਂ 'ਤੇ 30 ਤੋਂ 40 ਕਿੱਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਗਰਜ-ਚਮਕ ਨਾਲ ਹਲਕਾ ਜਿਹਾ ਮੀਂਹ ਵੀ ਪੈ ਸਕਦਾ ਹੈ | ਮੌਸਮ ਵਿਭਾਗ ਅਨੁਸਾਰ ਲੰਘੇ 24 ਘੰਟਿਆਂ 'ਚ ਅੰਮਿ੍ਤਸਰ 'ਚ 39.1 ਡਿਗਰੀ ਸੈਲਸੀਅਸ, ਲੁਧਿਆਣਾ 'ਚ 42.0 ਡਿਗਰੀ ਸੈਲਸੀਅਸ, ਪਟਿਆਲਾ 'ਚ 42.3 ਡਿਗਰੀ, ਪਠਾਨਕੋਟ 'ਚ 38.6 ਡਿਗਰੀ, ਫ਼ਰੀਦਕੋਟ 'ਚ 41.0 ਡਿਗਰੀ, ਗੁਰਦਾਸਪੁਰ 'ਚ 36.5 ਡਿਗਰੀ, ਨਵਾਂਸ਼ਹਿਰ 'ਚ 36 ਡਿਗਰੀ, ਫ਼ਾਜ਼ਿਲਕਾ 39.9 ਡਿਗਰੀ, ਹੁਸ਼ਿਆਰਪੁਰ 38.0 ਡਿਗਰੀ, ਮੁਹਾਲੀ 'ਚ 38.9 ਡਿਗਰੀ, ਰੂਪਨਗਰ 'ਚ 39.3 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ | ਇਸ ਦੌਰਾਨ ਚੰਡੀਗੜ੍ਹ 'ਚ ਦਿਨ ਦੇ ਸਮੇਂ 40.6 ਡਿਗਰੀ ਸੈਲਸੀਅਸ ਤੋਂ ਲੈ ਕੇ 39.9 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਿਹਾ ਜੋ ਇਕ ਦਿਨ ਪਹਿਲਾਂ ਨਾਲੋਂ 3.4 ਡਿਗਰੀ ਤੋਂ 4.3 ਡਿਗਰੀ ਘੱਟ ਰਿਹਾ | ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਹਲਕਾ ਮੀਂਹ ਪੈਣ ਅਤੇ ਠੰਢੀਆਂ ਧੂੜ ਭਰੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਸਖ਼ਤ ਗਰਮੀ ਤੋਂ ਕੁੱਝ ਰਾਹਤ ਮਿਲੀ | ਮੀਂਹ ਪੈਣ ਕਾਰਨ ਦਿਨ ਦੇ ਤਾਪਮਾਨ 'ਚ 3.4 ਡਿਗਰੀ ਸੈਲਸੀਅਸ ਦੀ ਕਮੀ ਆਈ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ 'ਚ ਅੱਜ ਸਵੇਰ ਵੇਲੇਂ ਤੋਂ ਹੀ ਵੱਖ-ਵੱਖ ਥਾਵਾਂ 'ਤੇ ਬੱਦਲ ਛਾਏ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ | ਸੂਬੇ ਦੇ ਫ਼ਰੀਦਕੋਟ, ਫ਼ਿਰੋਜ਼ਪੁਰ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ ਜ਼ਿਲਿ੍ਹਆਂ 'ਚ ਵੱਖ-ਵੱਖ ਥਾਵਾਂ 'ਤੇ ਬੰੂਦਾ-ਬਾਂਦੀ ਹੋਈ ਅਤੇ ਕਈ ਥਾਵਾਂ 'ਤੇ ਹਲਕਾ ਮੀਂਹ ਪਿਆ | ਜਦੋਂ ਕਿ ਮਾਨਸਾ, ਸੰਗਰੂਰ, ਬਰਨਾਲਾ, ਮੋਗਾ ਅਤੇ ਪਟਿਆਲਾ ਜ਼ਿਲਿ੍ਹਆਂ 'ਚ ਮੌਸਮ ਖ਼ੁਸ਼ਕ ਅਤੇ ਗਰਮ ਰਿਹਾ | ਰਾਜਧਾਨੀ ਚੰਡੀਗੜ੍ਹ ਸਮੇਤ ਨਾਲ ਲਗਦੇ ਪੰਜਾਬ ਤੇ ਹਰਿਆਣੇ ਦੇ ਇਲਾਕਿਆਂ 'ਚ ਸਵੇਰ ਵੇਲੇ ਬੱਦਲ ਛਾਏ, ਪਰ ਤੇਜ਼ ਹਵਾ ਚੱਲਣ ਕਾਰਨ ਬੱਦਲ ਬਿਨਾਂ ਵਰ੍ਹੇ ਹੀ ਲੰਘ ਗਏ | ਦਿਨ ਭਰ ਟੁੱਟਵੀਂ ਬੱਦਲਵਾਈ ਬਣੀ ਰਹਿਣ ਅਤੇ ਹਵਾ ਚੱਲਣ ਕਾਰਨ ਮੌਸਮ ਖ਼ੁਸ਼ਨੁਮਾ ਬਣਿਆ ਰਿਹਾ |

ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪੰਜਾਬ ਸਰਕਾਰ ਇੰਨ-ਬਿੰਨ ਲਾਗੂ ਕਰੇਗੀ-ਮੁੱਖ ਮੰਤਰੀ ਅਗਲੀ ਖ਼ਬਰ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਫੇਰੀ ਨੇ ਉਮੀਦਵਾਰ ਪੂਜਾ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।