• ਪੰਜਾਬ 'ਚ 10 ਲੱਖ ਮਜ਼ਦੂਰਾਂ ਦੀ ਮੁਫ਼ਤ ਰਜਿਸਟੇ੍ਰਸ਼ਨ ਕੀਤੀ ਜਾਵੇਗੀ • ਲੇਬਰ
ਭਲਾਈ ਸਕੀਮਾਂ ਦਾ ਪ੍ਰੋਸੈਸਿੰਗ ਸਮਾਂ 203 ਦਿਨਾਂ ਤੋਂ ਘਟਾ ਕੇ 73 ਦਿਨ ਕੀਤਾ
ਚੰਡੀਗੜ੍ਹ, 6 ਜੂਨ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੂਰੇ ਪੰਜਾਬ ਵਿਚ 10 ਲੱਖ ਉਸਾਰੀ ਕਿਰਤੀਆਂ ਦੀ ਮੁਫ਼ਤ ਰਜਿਸਟੇ੍ਰਸ਼ਨ ਅਤੇ ਪੁਰਾਣੀ ਰਜਿਸਟੇ੍ਰਸ਼ਨ ਨਵਿਆਉਣ ਲਈ ਵੱਡੀ ਮੁਹਿੰਮ ਦਾ ਐਲਾਨ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਭਲਾਈ ਸਕੀਮਾਂ ਦਾ ਲਾਭ ਸਿੱਧਾ ਕਿਰਤੀਆਂ ਤੱਕ ਪਹੁੰਚਾਇਆ ਜਾਵੇ | ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਬੀ.ਓ.ਸੀ.ਡਬਲਯੂ. ਵੈੱਲਫੇਅਰ ਬੋਰਡ ਕੋਲ 2.21 ਲੱਖ ਮਜ਼ਦੂਰ ਰਜਿਸਟਰਡ ਹਨ, ਜੋ ਪੰਜਾਬ ਭਰ ਵਿਚ ਚੱਲ ਰਹੀਆਂ ਵੱਡੇ ਪੱਧਰ ਦੀਆਂ ਨਿਰਮਾਣ ਗਤੀਵਿਧੀਆਂ ਅਤੇ ਸ਼ਹਿਰੀਕਰਨ ਨੂੰ ਦੇਖਦੇ ਹੋਏ ਕਾਫੀ ਘੱਟ ਹੈ | ਰਜਿਸਟੇ੍ਰਸ਼ਨ ਵਿਚ ਸੁਧਾਰ ਲਈ ਰਾਜ ਭਰ ਵਿਚ ਹੋਰ ਰਜਿਸਟੇ੍ਰਸ਼ਨ ਕੈਂਪ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਮਜ਼ਦੂਰ ਅਕਸਰ ਰਜਿਸਟੇ੍ਰਸ਼ਨ ਕਰਵਾਉਣ ਤੋਂ ਝਿਜਕਦੇ ਹਨ ਕਿਉਂਕਿ ਉਨ੍ਹਾਂ ਨੂੰ ਰਜਿਸਟੇ੍ਰਸ਼ਨ ਫ਼ੀਸ ਵਜੋਂ 145 ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਹਨ | ਰਜਿਸਟੇ੍ਰਸ਼ਨ ਕਰਵਾਉਣ ਅਤੇ ਨਵਿਆਉਣ ਨੂੰ ਉਤਸ਼ਾਹਿਤ ਕਰਨ ਲਈ ਇਸ ਵਿਸ਼ਾਲ ਰਜਿਸਟੇ੍ਰਸ਼ਨ ਮੁਹਿੰਮ ਦੌਰਾਨ ਬਿਨੈਕਾਰਾਂ ਨੂੰ ਇਹ ਫ਼ੀਸ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ | ਇਸ ਮੁਹਿੰਮ ਦੌਰਾਨ ਲਗਭਗ 10 ਲੱਖ ਮਜ਼ਦੂਰਾਂ ਨੂੰ ਰਜਿਸਟਰਡ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਇਸ ਦੇ ਲਗਭਗ 15 ਕਰੋੜ ਰੁਪਏ ਦੇ ਵਿੱਤੀ ਖਰਚੇ ਨੂੰ ਖ਼ੁਦ ਸਹਿਣ ਕਰੇਗੀ | ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿੱਤੀ ਸਾਲ 2022-23 ਵਿਚ ਮਜ਼ਦੂਰਾਂ ਲਈ ਭਲਾਈ ਸਕੀਮਾਂ ਦਾ ਪ੍ਰੋਸੈਸਿੰਗ ਸਮਾਂ 203 ਦਿਨ ਸੀ | ਪੰਜਾਬ ਸਰਕਾਰ ਨੇ ਹੁਣ ਇਸ ਨੂੰ ਘਟਾ ਕੇ 73 ਦਿਨ ਕਰ ਦਿੱਤਾ ਹੈ |
ਮੁੱਖ ਮੰਤਰੀ ਵਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ
ਅਜੀਤ ਡੈਸਕ
07-06-2026