28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਟੀ.ਐਮ.ਸੀ. ਦੇ 20 ਸੰਸਦ ਮੈਂਬਰਾਂ ਨੇ ਕੀਤੀ ਬਗ਼ਾਵਤ <br/>

ਅਜੀਤ ਡੈਸਕ 09-06-2026

ਨਵੀਂ ਦਿੱਲੀ, 8 ਜੂਨ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ 'ਚ ਚੋਣਾਂ 'ਚ ਹਾਰ ਤੋਂ ਬਾਅਦ ਸੂਬੇ 'ਚ ਵਿਧਾਇਕਾਂ ਵਲੋਂ ਕੀਤੀ ਬਗ਼ਾਵਤ ਤੋਂ ਬਾਅਦ ਮਮਤਾ ਬੈਨਰਜੀ ਨੂੰ ਸੋਮਵਾਰ ਨੂੰ ਦਿੱਲੀ 'ਚ ਵੀ ਸੰਸਦ ਮੈਂਬਰਾਂ ਨੇ ਵੱਡਾ ਝਟਕਾ ਦਿੰਦਿਆਂ ਐਨ.ਡੀ.ਏ. ਦੇ ਨਾਲ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ | ਇਹ ਫ਼ੈਸਲਾ ਉਸ ਵੇਲੇ ਆਇਆ ਹੈ ਜਦੋਂ ਮਮਤਾ ਬੈਨਰਜੀ ਖੁਦ ਐਤਵਾਰ ਤੋਂ ਦਿੱਲੀ 'ਚ 'ਇੰਡੀਆ' ਗੱਠਜੋੜ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਮੌਜੂਦ ਸਨ | ਸੰਸਦ ਮੈਂਬਰਾਂ ਵਲੋਂ ਉਕਤ ਐਲਾਨ ਭਾਜਪਾ ਨੇਤਾ ਭੁਪਿੰਦਰ ਯਾਦਵ ਦੇ ਘਰ ਹੋਈ ਮੀਟਿੰਗ ਤੋਂ ਬਾਅਦ ਹੋਇਆ, ਜੋ ਕਿ ਉਸ ਥਾਂ ਤੋਂ ਸਿਰਫ਼ ਇਕ ਕਿੱਲੋਮੀਟਰ ਦੀ ਹੀ ਦੂਰੀ 'ਤੇ ਹੈ, ਜਿੱਥੇ ਮਮਤਾ ਬੈਨਰਜੀ 'ਇੰਡੀਆ' ਧੜੇ ਦੀ ਮੀਟਿੰਗ 'ਚ ਮੌਜੂਦ ਸਨ | ਬੈਠਕ 'ਚ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸਨ |
ਤਿ੍ਣਮੂਲ ਕਾਂਗਰਸ ਦੇ ਲੋਕ ਸਭਾ 'ਚ 28 ਮੈਂਬਰਾਂ 'ਚੋਂ ਤਕਰੀਬਨ 20 ਸੰਸਦ ਮੈਂਬਰਾਂ ਨੇ ਮਮਤਾ ਬੈਨਰਜੀ ਤੋਂ ਵੱਖ ਹੋਣ ਅਤੇ ਐਨ.ਡੀ.ਏ. ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ | ਕਾਕੋਲੀ ਘੋਸ਼ ਜੋ ਪਾਰਟੀ ਦੇ ਚੀਫ਼ ਵਿਪ੍ਹ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਖ਼ਾਸੀ ਨਾਰਾਜ਼ ਸੀ, ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਜਨਤਾ ਦੇ ਫਤਵੇ ਦੇ ਨਾਲ ਜਾ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਸਿਆਸੀ ਭਵਿੱਖ ਐਨ.ਡੀ.ਏ. ਦੇ ਨਾਲ ਹੋਣਾ ਚਾਹੀਦਾ ਹੈ | ਘੋਸ਼ ਨੇ ਕਿਹਾ ਕਿ ਉਸਦੇ ਸਮੇਤ 20 ਸੰਸਦ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਅਧਿਕਾਰਕ ਤੌਰ 'ਤੇ ਆਪਣਾ ਫ਼ੈਸਲਾ ਉਨ੍ਹਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ |
ਰਾਘਵ ਚੱਢਾ ਦੀ ਰਾਹ 'ਤੇ ਤਿ੍ਣਮੂਲ ਕਾਂਗਰਸ ਦੇ ਬਾਗ਼ੀ ਮੈਂਬਰ
ਤਿ੍ਣਮੂਲ ਕਾਂਗਰਸ ਦੇ ਬਾਗ਼ੀ ਮੈਂਬਰਾਂ ਨੇ ਵੀ ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰ ਰਾਘਵ ਚੱਢਾ ਦੀ ਤਰਜ਼ 'ਤੇ ਚਲਦਿਆਂ ਦੋ ਤਿਹਾਈ ਮੈਂਬਰਾਂ ਦੇ ਆਪਣੇ ਨਾਲ ਹੋਣ ਦਾ ਦਾਅਵਾ ਪੇਸ਼ ਕਰਦਿਆਂ ਕਿਹਾ ਕਿ ਉਹ 20 ਸੰਸਦ ਮੈਂਬਰਾਂ ਦਾ ਵੱਖਰਾ ਦਲ ਬਣਾ ਰਹੇ ਹਨ ਜਿਸ 'ਚ ਕਾਕੋਨੀ ਘੋਸ਼ ਉਨ੍ਹਾਂ ਦੀ ਮੁੱਖ ਵਿਪ੍ਹ ਹੋਏਗੀ ਅਤੇ ਸ਼ਤਾਬਦੀ ਰਾਏ ਉਨ੍ਹਾਂ ਦੀ ਉਪ ਨੇਤਾ ਹੋਏਗੀ | ਮੈਂਬਰਾਂ ਦੀ ਗਿਣਤੀ ਦੋ ਤਿਹਾਈ ਤੋਂ ਵੱਧ ਹੋਣ ਕਾਰਨ ਉਨ੍ਹਾਂ 'ਤੇ ਦਲ ਬਦਲੀ ਵਿਰੋਧੀ ਕਾਨੂੰਨ ਲਾਗੂ ਨਹੀਂ ਹੋਏਗਾ | ਬਾਗ਼ੀ ਮੈਂਬਰ ਹੁਣ ਖ਼ੁਦ ਨੂੰ ਹੀ 'ਅਸਲੀ ਟੀ.ਐਮ.ਸੀ.' ਹੋਣ ਦਾ ਦਾਅਵਾ ਵੀ ਕਰ ਰਹੇ ਹਨ | ਹਲਕਿਆਂ ਮੁਤਾਬਿਕ ਬਾਗ਼ੀ ਮੈਂਬਰ ਸਪੀਕਰ ਨੂੰ ਲਿਖੀ ਜਾਣ ਵਾਲੀ ਚਿੱਠੀ 'ਚ ਖ਼ੁਦ ਨੂੰ 'ਅਸਲੀ ਟੀ.ਐਮ.ਸੀ. ਵਜੋਂ ਮਾਨਤਾ ਦੇਣ ਦੀ ਵੀ ਅਪੀਲ ਕਰਨਗੇ | ਸੋਮਵਾਰ ਨੂੰ ਭੁਪਿੰਦਰ ਯਾਦਵ ਦੇ ਘਰ ਹੋਈ ਬੈਠਕ 'ਚ ਸ਼ਾਮਿਲ ਸੰਸਦ ਮੈਂਬਰਾਂ 'ਚ ਕਾਕੋਲੀ ਘੋਸ਼, ਸ਼ਤਾਬਦੀ ਰਾਏ, ਸੁਖੇਂਦੂ ਸ਼ੇਖਰ ਰਾਏ, ਅਬੂ ਤਾਹੀਰ, ਖਲੀਲ-ਉਰ-ਰਹਿਮਾਨ, ਅਸਿਤ ਮਲ, ਅਰੂਪ ਚੱਕਰਵਰਤੀ, ਕਾਲੀਪਦ ਸੋਰੇਨ, ਜਗਦੀਸ਼ ਬਸੂਨੀਆ, ਪ੍ਰਸੂਨ ਬੈਨਰਜੀ ਅਤੇ ਸ਼ਰਮਿਲਾ ਸਰਕਾਰ ਸ਼ਾਮਿਲ ਸਨ |

ਪਿਛਲੀ ਖ਼ਬਰ ਜੰਗਬੰਦੀ ਤੋੜਨ ਤੋਂ ਬਾਅਦ ਈਰਾਨ ਨੇ ਇਜ਼ਰਾਈਲ 'ਤੇ ਹਮਲੇ ਰੋਕੇ <br/> ਅਗਲੀ ਖ਼ਬਰ ਐੱਸ.ਆਈ.ਆਰ. 'ਤੇ ਚੀਫ਼ ਜਸਟਿਸ ਨੂੰ ਚਿੱਠੀ ਲਿਖਣ 'ਤੇ ਬਣੀ ਸਹਿਮਤੀ, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।