ਨਵੀਂ ਦਿੱਲੀ, 9 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ ਸਬਾਹ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ ਅਤੇ ਪੱਛਮੀ ਏਸ਼ੀਆ 'ਚ ਉੱਭਰ ਰਹੀ ਸੁਰੱਖਿਆ ਸਥਿਤੀ 'ਤੇ ਵਿਚਾਰ-ਵਟਾਂਦਰਾ ਕੀਤਾ ਤੇ ਖੇਤਰ 'ਚ ਸ਼ਾਂਤੀ ਦੀ ਜਲਦੀ ਬਹਾਲੀ ਲਈ ਤਣਾਅ ਘਟਾਉਣ ਅਤੇ ਕੂਟਨੀਤੀ 'ਤੇ ਜ਼ੋਰ ਦਿੱਤਾ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਮੋਦੀ ਨੇ ਪੱਛਮੀ ਏਸ਼ੀਆ 'ਚ ਤਣਾਅ ਵਧਣ 'ਤੇ ਡੂੰਘੀ ਚਿੰਤਾ ਵੀ ਪ੍ਰਗਟ ਕੀਤੀ ਤੇ ਕੁਵੈਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ 'ਤੇ ਹਮਲਿਆਂ ਦੀ ਭਾਰਤ ਦੀ ਸਖ਼ਤ ਨਿੰਦਾ ਦੀ ਪੁਸ਼ਟੀ ਕੀਤੀ | ਪ੍ਰਧਾਨ ਮੰਤਰੀ ਨੇ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਤਣਾਅ ਘਟਾਉਣ, ਗੱਲਬਾਤ ਅਤੇ ਕੂਟਨੀਤੀ ਦੀ ਮੰਗ ਨੂੰ ਦੁਹਰਾਇਆ |