31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜੇਨੇਵਾ 'ਚ ਸਮਝੌਤੇ 'ਤੇ ਦਸਤਖ਼ਤ ਸਮਾਰੋਹ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ-ਸ਼ਾਹਬਾਜ਼ <br/>

ਅਜੀਤ ਡੈਸਕ 16-06-2026
ਅੰਮਿ੍ਤਸਰ, 15 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਐਲਾਨ ਕੀਤਾ ਕਿ ਪਾਕਿ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜੇਨੇਵਾ ਸ਼ਹਿਰ 'ਚ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਸਮਾਰੋਹ ਦੀ ਮੇਜ਼ਬਾਨੀ ਕਰੇਗਾ | ਉਨ੍ਹਾਂ ਇਸ ਸਮਝੌਤੇ ਨੂੰ ਵਿਸ਼ਵ ਸ਼ਾਂਤੀ ਲਈ ਇਤਿਹਾਸਕ ਮੀਲ ਪੱਥਰ ਦੱਸਿਆ | ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਸਮਝੌਤਾ ਹੋਣ ਦਾ ਐਲਾਨ ਕਰਨ ਤੋਂ ਕੁੱਝ ਘੰਟਿਆਂ ਬਾਅਦ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੁਨੀਆ ਨੇ ਸ਼ਾਂਤੀ ਲਈ ਇਕ ਵੱਡੀ ਜਿੱਤ ਵੇਖੀ ਹੈ | ਅੱਜ ਦੁਨੀਆ ਨੇ ਵੇਖਿਆ ਕਿ ਯੁੱਧ ਦੀਆਂ ਲਾਟਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ | ਇਹ ਇਕ ਇਤਿਹਾਸਕ ਪਲ ਹੈ, ਜਿਸ ਨੂੰ ਇਤਿਹਾਸਕਾਰ ਸੁਨਹਿਰੀ ਅੱਖਰਾਂ 'ਚ ਦਰਜ ਕਰਨਗੇ | ਮਹੀਨਿਆਂ ਦੀਆਂ ਤੀਬਰ ਚੁਣੌਤੀਆਂ ਤੋਂ ਬਾਅਦ ਵਿਕਾਸ ਨੂੰ ਇਕ ਬ੍ਰਹਮ ਵਰਦਾਨ ਦੱਸਦਿਆਂ ਉਨ੍ਹਾਂ ਨੇ ਟਿੱਪਣੀ ਕੀਤੀ ਕਿ ਯੁੱਧ ਦੀ ਹਨੇਰੀ ਰਾਤ ਤੋਂ ਬਾਅਦ ਸ਼ਾਂਤੀ ਦਾ ਸੂਰਜ ਆਖ਼ਰਕਾਰ ਚੜ੍ਹ ਰਿਹਾ ਹੈ | ਉਨ੍ਹਾਂ ਇਕ ਵਾਰ ਫਿਰ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਕੁੱਝ ਨਾਜ਼ੁਕ ਪਲ ਆਏ ਜਦੋਂ ਗੱਲਬਾਤ ਟੁੱਟਣ ਦੇ ਨੇੜੇ ਜਾਪਦੀ ਸੀ, ਪਰ ਫ਼ੀਲਡ ਮਾਰਸ਼ਲ ਮੁਨੀਰ ਦੀ ਦਿ੍ੜਤਾ ਅਤੇ ਵਚਨਬੱਧਤਾ ਨੇ ਪ੍ਰਕਿਰਿਆ ਨੂੰ ਲੀਹ 'ਤੇ ਰੱਖਣ 'ਚ ਮਦਦ ਕੀਤੀ | ਉਨ੍ਹਾਂ ਕਿਹਾ ਕਿ ਪਾਕਿ ਨੂੰ ਵਿਸ਼ਵ ਪੱਧਰ 'ਤੇ ਬੇਮਿਸਾਲ ਸਨਮਾਨ ਅਤੇ ਮਾਨਤਾ ਦਿੱਤੀ ਗਈ ਹੈ | ਮੱਧ ਏਸ਼ੀਆ ਟਕਰਾਅ ਦੌਰਾਨ ਪਾਕਿ ਨੂੰ ਪਹੁੰਚੇ ਆਰਥਿਕ ਨੁਕਸਾਨ ਨੂੰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ ਕਿ ਟਕਰਾਅ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੇ ਪਾਕਿਸਤਾਨ ਦੀ ਆਰਥਿਕਤਾ 'ਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ |

ਪਿਛਲੀ ਖ਼ਬਰ ਬਰਤਾਨੀਆ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਮੁਕੰਮਲ ਪਾਬੰਦੀ <br/> ਅਗਲੀ ਖ਼ਬਰ ਸਿੱਖਿਆ ਦਾ ਅਧਿਕਾਰ ਐਕਟ ਲਾਗੂ ਨਾ ਕਰਨ 'ਤੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਤੇ ਕੇਂਦਰ ਨੂੰ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।