17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

10 ਸਾਲਾਂ ’ਚ ਬਰਤਾਨੀਆ 7ਵਾਂ ਪ੍ਰਧਾਨ ਮੰਤਰੀ ਵੇਖੇਗਾ

ਅਜੀਤ ਡੈਸਕ 23-06-2026
ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਨੂੰ ਲੋਕਤੰਤਰ ਦੀ ਮਾਂ ਕਿਹਾ ਜਾਂਦਾ ਹੈ। ਭਾਵੇਂ ਇਥੇ ਵੀ ਰਾਜਨੀਤੀ ਹੁਣ ਬਹੁਤ ਬਦਲ ਚੁੱਕੀ ਹੈ ਪਰ ਫਿਰ ਵੀ ਸੰਵਾਦ ਅਤੇ ਤਿਆਗ ਦੀ ਰਾਜਨੀਤੀ ਇਥੇ ਪ੍ਰਚੱਲਿਤ ਹੈ। ਬਰਤਾਨੀਆ ਦੀ ਰਾਜਨੀਤੀ ‘ਚ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਨੂੰ ਦੇਖਦੇ ਹੋਏ ਇਹ ਗੱਲ ਬਿਲਕੁਲ ਸੱਚ ਜਾਪਦੀ ਹੈ ਕਿ ਉੱਥੇ ਬਹੁਤ ਤੇਜ਼ੀ ਨਾਲ ਮੰਤਰੀ ਮੰਡਲ ਬਦਲੇ ਗਏ, ਇਥੇ ਹੀ ਬੱਸ ਨਹੀਂ ਪ੍ਰਧਾਨ ਮੰਤਰੀ ਬਦਲੇ ਜਾਣ ਦਾ ਵੀ ਆਪਣਾ ਹੀ ਇਤਿਹਾਸ ਹੈ। ਹਾਲਾਂਕਿ, ਜੇਕਰ ਅਸੀਂ ਇਤਿਹਾਸਕ ਤੱਥਾਂ ਅਤੇ ਅੰਕੜਿਆਂ ਦੀ ਗੱਲ ਕਰੀਏ, ਤਾਂ ਪਿਛਲੇ ਲਗਭਗ 10 ਸਾਲਾਂ ’ਚ 2016 ਤੋਂ 2026 ਤੱਕ ਬਰਤਾਨੀਆ ਨੇ 7 ਪ੍ਰਧਾਨ ਮੰਤਰੀ ਦੇਖੇ ਹਨ। 2016 ’ਚ ਬ੍ਰੈਗਜ਼ਿਟ ਰੈਫਰੈਂਡਮ ਤੋਂ ਬਾਅਦ ਡੇਵਿਡ ਕੈਮਰੂਨ ਨੇ ਅਸਤੀਫ਼ਾ ਦਿੱਤਾ। ਫਿਰ ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਣ ਕਰਕੇ 2019 ’ਚ ਥੈਰੇਸਾ ਮੇਅ ਨੂੰ ਵੀ ਅਸਤੀਫ਼ ਦੇਣਾ ਪਿਆ। ਕੋਰੋਨਾ ਮਹਾਂਮਾਰੀ ’ਚ ਬੋਰਿਸ ਜੌਹਨਸਨ ਕਈ ਸਿਆਸੀ ਵਿਵਾਦਾਂ ’ਚ ਉਲਝੇ ਰਹੇ, ਪਾਰਟੀਗੇਟ ਵਰਗੀਆਂ ਘਟਨਾਵਾਂ ਕਾਰਨ 2022 ’ਚ ਉਹ ਅਸਤੀਫ਼ਾ ਦੇਣ ਲਈ ਮਜਬੂਰ ਹੋਏ। ਲਿਜ਼ ਟਰੱਸ ਬ੍ਰਿਟੇਨ ਦੇ ਇਤਿਹਾਸ ’ਚ ਸਭ ਤੋਂ ਘੱਟ ਸਮਾਂ (ਸਿਰਫ਼ 45 ਦਿਨ) ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਤੋਂ ਬਾਅਦ ਭਾਰਤੀ ਮੂਲ ਦੇ ਰਿਸ਼ੀ ਸੁਨਕ 2022 ਤੋਂ 2024 ਤੱਕ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ। 2024 ’ਚ ਲੇਬਰ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣੇ ਅਤੇ ਹੁਣ 2026 ’ਚ ਉਨ੍ਹਾਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਜਿਸ ਨਾਲ ਬਰਤਾਨਵੀ ਲੋਕ ਨਵੇਂ ਨੇਤਾ ਨੂੰ 7ਵੇਂ ਪ੍ਰਧਾਨ ਮੰਤਰੀ ਵਜੋਂ ਵੇਖਣਗੇ। ਇਸ ਤਰ੍ਹਾਂ ਪਿਛਲੇ 10 ਸਾਲਾਂ ’ਚ 7 ਪ੍ਰਧਾਨ ਮੰਤਰੀਆਂ ਦਾ ਬਦਲਣਾ ਵੀ ਆਪਣੇ-ਆਪ ’ਚ ਬਰਤਾਨਵੀ ਲੋਕਤੰਤਰ ਦੇ ਇਤਿਹਾਸ ’ਚ ਇਕ ਬਹੁਤ ਵੱਡੀ ਅਤੇ ਬੇਮਿਸਾਲ ਹਲਚਲ ਹੈ। ਇਸੇ ਕਾਰਨ ਦੁਨੀਆ ਭਰ ’ਚ ਬਰਤਾਨੀਆ ਦੀ ਸਿਆਸੀ ਸਥਿਰਤਾ ’ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਅਗਲਾ ਪ੍ਰਧਾਨ ਮੰਤਰੀ ਬਰਤਾਨੀਆ ਨੂੰ ਮੌਜੂਦਾ ਸੰਕਟ ’ਚੋਂ ਉਭਾਰਨ ਵਾਲਾ ਸਾਬਤ ਹੋ ਸਕੇਗਾ, ਜਦੋਂ ਕਿ ਵੰਡ ਦੀ ਰਾਜਨੀਤੀ ਕਰਨ ਵਾਲੀਆਂ ਧਿਰਾਂ ਸਿਆਸਤ ’ਚ ਦਿਨੋ-ਦਿਨ ਆਪਣੀ ਪਕੜ ਮਜ਼ਬੂਤ ਕਰ ਰਹੀਆਂ ਹਨ।
ਪਿਛਲੀ ਖ਼ਬਰ ਭਾਰਤ ਨੇ ਸ਼ਾਂਤੀਕਾਲ ’ਚ ਪਹਿਲੀ ਵਾਰ 12 ਪ੍ਰਮਾਣੂ ਹਥਿਆਰ ਕੀਤੇ ਤਾਇਨਾਤ ਅਗਲੀ ਖ਼ਬਰ ਮੈਂ ਦੇਸ਼ ਹਿਤ ਨੂੰ ਹਮੇਸ਼ਾ ਅੱਗੇ ਰੱਖਿਆ-ਸਟਾਰਮਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।