24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਈਰਾਨ ਨਾਲ ਜੰਗਬੰਦੀ ਖ਼ਤਮ ਟਰੰਪ ਵਲੋਂ ਹਮਲੇ ਤੇਜ਼ ਕਰਨ ਦਾ ਐਲਾਨ

ਅਜੀਤ ਡੈਸਕ 09-07-2026

ਨਿਊਯਾਰਕ,ਦੁਬਈ, 8 ਜੁਲਾਈ (ਰਾਜੂ ਸ਼ਹਿਬਾਜ਼ਪੁਰਾ, ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਨਾਲ ਹੋਇਆ ਅੰਤਰਿਮ ਸਮਝੌਤਾ ਖਤਮ ਹੋ ਗਿਆ ਹੈ, ਪਰ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਰਹਿ ਸਕਦੀ ਹੈ। ਜੰਗਬੰਦੀ ਦੀ ਸਥਿਤੀ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਤਾਂ ਜੰਗਬੰਦੀ ਖਤਮ ਹੋ ਚੁੱਕੀ ਹੈ। ਈਰਾਨ ਨਾਲ ਸਮਝੌਤਾ ਕਰਨਾ ਬਸ ਹੁਣ ਸਮੇਂ ਦੀ ਬਰਬਾਦੀ ਹੈ। ਉਨ੍ਹਾਂ ਇਹ ਗੱਲ ਤੁਰਕੀ ਦੇ ਅੰਕਾਰਾ ’ਚ ਦੋ ਦਿਨ ਤੱਕ ਚੱਲੇ ਨਾਟੋ ਸੰਮੇਲਨ ਦੌਰਾਨ ਕਹੀ। ਇਹ ਬਿਆਨ ਹੋਰਮੁਜ਼ ਜਲਡਮਰੂ ’ਚ ਟੈਂਕਰਾਂ ’ਤੇ ਹੋਏ ਹਮਲਿਆਂ ਦੇ ਜਵਾਬ ’ਚ ਈਰਾਨ ’ਤੇ ਅਮਰੀਕੀ ਹਮਲਿਆਂ ਦੇ ਕੁਝ ਘੰਟਿਆਂ ਬਾਅਦ ਆਇਆ ਹੈ। ਟਰੰਪ ਨੇ ਕਿਹਾ ਕਿ ਉਹ (ਈਰਾਨ) ਝੂਠੇ ਹਨ, ਉਨ੍ਹਾਂ ’ਚ ਕੁਝ ਗੜਬੜ ਹੈ, ਉਹ ਸਨਕੀ ਹਨ। ਇਸ ਤੋਂ ਅਜਿਹਾ ਸੰਕੇਤ ਮਿਲਿਆ ਹੈ ਕਿ ਵਾਸ਼ਿੰਗਟਨ ਤੇ ਤਹਿਰਾਨ ’ਚ ਬਣੀ ਸ਼ੁਰੂਆਤੀ ਸਮਝ ਖਤਮ ਹੋ ਗਈ ਹੈ। ਟਰੰਪ ਨੇ ਈਰਾਨ ਦੇ ਆਮ ਨਾਗਿਰਕਾਂ ਨਾਲ ਜੁੜੇ ਬੁਨਿਆਦੀ ਢਾਂਚੇ ’ਤੇ ਹਮਲਾ ਕਰਨ ਤੇ ਖਾਰਗ ਟਾਪੂ (ਉਥੋਂ ਦੇ ਤੇਲ ਢਾਂਚੇ ਸਮੇਤ) ’ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਈਰਾਨ ਦੇ ਬਿਜਲੀ ਪਲਾਂਟਾਂ ਤੇ ਡਿਸੇਲੀਨੇਸ਼ਨ ਪਲਾਂਟ (ਖਾਰੇ ਪਾਣੀ ਨੂੰ ਮਿੱਠਾ ਬਣਾਉਣ ਵਾਲੇ ਪਲਾਂਟ) ਨੂੰ ਤਬਾਹ ਕਰ ਦੇਵੇਗਾ। ਟਰੰਪ ਨੇ ਕਿਹਾ ਕਿ ਹੋ ਸਕਦਾ ਹੈ ਕਿ ਅਸੀਂ ਖਾਰਗ ਟਾਪੂ ’ਤੇ ਕਬਜ਼ਾ ਕਰ ਲਈਏ, ਈਰਾਨ ਕੁਝ ਨਹੀਂ ਕਰ ਸਕੇਗਾ। ਅਮਰੀਕਾ ਨੇ ਬੁੱਧਵਾਰ ਤੜਕੇ ਈਰਾਨ ਦੇ ਟਿਕਾਣਿਆਂ ’ਤੇ ਕਈ ਹਮਲੇ ਕੀਤੇ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੇ ਈਰਾਨ ਦੀ ਤੇਲ ਦੀ ਵਿਕਰੀ ਦੇਣ ਵਾਲਾ ਲਾਈਸੈਂਸ ਰੱਦ ਕਰ ਦਿੱਤਾ ਸੀ। ਇਹ ਕਦਮ ਹੋਰਮੁਜ਼ ਜਲਡਮਰੂ ’ਚ ਜਹਾਜ਼ਾਂ ’ਤੇ ਤਹਿਰਾਨ ਦੇ ਹਮਲਿਆਂ ਦੇ ਜਵਾਬ ’ਚ ਚੁੱਕਿਆ ਗਿਆ। ਇਸ ਦੇ ਜਵਾਬ ’ਚ ਈਰਾਨ ਨੇ ਬਹਿਰੀਨ ਤੇ ਕੁਵੈਤ ’ਤੇ ਹਮਲੇ ਕੀਤੇ। ਇਸ ਨਾਲ ਮੱਧ ਪੂਰਬ ’ਚ ਵੱਡੇ ਸੰਘਰਸ਼ ਦੇ ਮੁੜ ਤੋਂ ਸ਼ੁਰੂ ਹੋਣ ਦੀ ਚਿੰਤਾ ਵਧ ਗਈ ਹੈ। ਇਹ ਹਮਲੇ ਈਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਖਾਮੇਨੇਈ ਨੂੰ ਦਫ਼ਨਾਉਣ ਲਈ ਕਈ ਦਿਨਾਂ ਤੋਂ ਚੱਲ ਰਹੀਆਂ ਰਸਮੀ ਕਾਰਵਾਈਆਂ ਦਰਮਿਆਨ ਹੋਏ। ਵੀਰਵਾਰ ਨੂੰ ਖਤਮ ਹੋਣ ਵਾਲੀਆਂ ਇਨ੍ਹਾਂ ਰਸਮੀ ਕਾਰਵਾਈਆਂ ਦੌਰਾਨ ਤਣਾਅ ਘੱਟ ਹੋਣ ਦੀ ਉਮੀਦ ਸੀ, ਹਾਲਾਂਕਿ ਸ਼ੋਕ ਮਨਾਉਣ ਵਾਲੇ ਲੋਕਾਂ ਨੇ ਵਾਰ-ਵਾਰ ਟਰੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਾਰਨ ਦੀ ਮੰਗ ਕੀਤੀ। ਖਾਮੇਨੇਈ ਨੂੰ ਦਫ਼ਨਾਉਣ ਤੋਂ ਬਾਅਦ ਇਕ ਪੱਕੇ ਸਮਝੌਤੇ ਲਈ ਗੱਲਬਾਤ ਸ਼ੁਰੂ ਹੋਣੀ ਸੀ, ਪਰ ਇਨ੍ਹਾਂ ਤਾਜ਼ਾ ਹਮਲਿਆਂ ਨੇ ਇਸ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਕਿਸੇ ਵੀ ਦੇਸ਼ ਨੇ ਤੁਰੰਤ ਗੱਲਬਾਤ ਤੋਂ ਪਿੱਛੇ ਹਟਣ ਦੇ ਸੰਕੇਤ ਨਹੀਂ ਦਿੱਤੇ। ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰੀ ਕਾਲੀਬਾਫ਼ ਨੇ ‘ਐਕਸ’ ’ਤੇ ਲਿਖਿਆ ਕਿ ਧੌਂਸ ਜਮਾਉਣ ਤੇ ਜ਼ਬਰਨ ਵਸੂਲੀ ਦਾ ਦੌਰ ਖਤਮ ਹੋ ਗਿਆ ਹੈ। ਇਸ ਨਾਲ ਕੁਝ ਹਾਸਿਲ ਨਹੀਂ ਹੋਵੇਗਾ, ਅਸੀਂ ਨਹੀਂ ਝੁਕਾਂਗੇ।
ਅਮਰੀਕਾ ਨੇ ਰਾਤ ਭਰ ਈਰਾਨ ’ਤੇ ਹਮਲੇ ਕੀਤੇ
ਅਮਰੀਕੀ ਸੈਨਾ ਦੀ ਸੈਂਟਰਲ ਕਮਾਂਡ ਨੇ ਕਿਹਾ ਕਿ ਅਮਰੀਕੀ ਸੈਨਾ ਨੇ ਅੰਤਰਰਾਸ਼ਟਰੀ ਜਲ ਮਾਰਗ ’ਚ ਆਮ ਨਾਗਰਿਕਾਂ ਵਾਲੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੇ ਉਨ੍ਹਾਂ ’ਤੇ ਹਮਲਾ ਕਰਨ ਦੀ ਭਾਰੀ ਕੀਮਤ ਵਸੂਲਣ ਲਈ ਹਮਲੇ ਕੀਤੇ। ਕਮਾਂਡ ਨੇ ਕਿਹਾ ਕਿ ਉਸ ਨੇ ਈਰਾਨ ਦੇ ਏਅਰ ਡਿਫ਼ੈਂਸ ਸਿਸਟਮ, ਰਡਾਰ, ਈਰਾਨ ਦੇ ਪੈਰਾਮਿਲਟਰੀ ਰੈਵੋਲਿਊਸ਼ਨਰੀ ਗਾਰਡ ਵਲੋਂ ਵਰਤੀਆਂ ਜਾਣ ਵਾਲੀਆਂ 60 ਤੋਂ ਵੱਧ ਛੋਟੀਆਂ ਕਿਸ਼ਤੀਆਂ ਸਮੇਤ ਈਰਾਨੀ ਟਿਕਾਣਿਆਂ ’ਤੇ ਹਮਲੇ ਕੀਤੇ। ਈਰਾਨ ਦੇ ਸਰਕਾਰੀ ਮੀਡੀਆ ਨੇ ਕਈ ਥਾਵਾਂ ’ਤੇ ਧਮਾਕਿਆਂ ਦੀ ਖਬਰ ਦਿੱਤੀ ਹੈ, ਜਿਨ੍ਹਾਂ ’ਚ ਬੰਦਰ ਮਾਹਸ਼ਹਿਰ ਵੀ ਸ਼ਾਮਿਲ ਹੈ, ਇਥੇ ਗਾਰਡ ਦਾ ਇਕ ਮੈਂਬਰ ਮਾਰਿਆ ਗਿਆ। ਉਸ ਨੇ ਬੁਸ਼ਹਰ ’ਤੇ ਵੀ ਹਮਲਿਆਂ ਦੀ ਖਬਰ ਦਿੱਤੀ, ਜੋ ਈਰਾਨ ਦੇ ਪ੍ਰਮਾਣੂ ਊਰਜਾ ਪਲਾਂਟਾਂ ਦਾ ਘਰ ਹੈ।
ਖਾਮੇਨੇਈ ਨੂੰ ਮਸ਼ਹਦ ’ਚ ਦਫ਼ਨਾਇਆ ਜਾਵੇਗਾ
ਈਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਖਾਮੇਨੇਈ ਨੂੰ ਦਫ਼ਨਾਉਣ ਲਈ ਜਾਰੀ ਅੰਤਿਮ ਰਸਮਾਂ ਇਰਾਕ ਦੇ ਸ਼ਹਿਰ ਨਜਫ਼ ’ਚ ਹੋਈਆਂ। ਇਸ ਮੌਕੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਅਤੇ ਈਰਾਨ ਤੇ ਇਰਾਕ ਦੇ ਹੋਰ ਅਧਿਕਾਰੀ, ਜਿਨ੍ਹਾਂ ’ਚ ਪ੍ਰਧਾਨ ਮੰਤਰੀ ਅਲੀ ਫਲਾਹ ਅਲ-ਜ਼ੈਦੀ ਵੀ ਸ਼ਾਮਿਲ ਹਨ, ਮੌਜੂਦ ਰਹੇ। ਬਾਅਦ ’ਚ ਕਰਬਲਾ ’ਚ ਇਮਾਮ ਹੁਸੈਨ ਦੀ ਦਰਗਾਹ ’ਤੇ ਅੰਤਿਮ ਰਸਮਾਂ ਲਈ ਪ੍ਰਾਰਥਨਾ ਹੋਵੇਗੀ । ਇਸ ਦੇ ਬਾਅਦ ਖਾਮੇਨੇਈ ਦੀ ਲਾਸ਼ ਨੂੰ ਈਰਾਨ ਵਾਪਸ ਲਿਆਂਦਾ ਜਾਵੇਗਾ ਤੇ ਵੀਰਵਾਰ ਨੂੰ ਮਸ਼ਹਦ ’ਚ ਇਮਾਮ ਰਜ਼ਾ ਦੀ ਦਰਗਾਹ ’ਤੇ ਦਫ਼ਨਾਇਆ ਜਾਵੇਗਾ, ਜੋ ਉਨ੍ਹਾਂ ਦੀ ਜਨਮ ਭੂਮੀ ਹੈ।
ਅਮਰੀਕਾ ਨੇ ਈਰਾਨੀ ਤੇਲ ਵੇਚਣ ਦਾ ਲਾਈਸੈਂਸ ਕੀਤਾ ਰੱਦ
ਹਮਲਿਆਂ ਤੋਂ ਪਹਿਲਾਂ ਅਮਰੀਕਾ ਨੇ ਇਕ ਲਾਈਸੈਂਸ ਰੱਦ ਕਰ ਦਿੱਤਾ ਸੀ, ਜੋ ਅੰਤਰਿਮ ਸਮਝੌਤੇ ਤਹਿਤ ਈਰਾਨੀ ਤੇਲ ਵੇਚਣ ਦੀ ਇਜਾਜ਼ਤ ਦਿੰਦਾ ਸੀ। ਇਸ ਲਾਈਸੈਂਸ ਦੀ ਵਜ੍ਹਾ ਨਾਲ ਅਮਰੀਕੀ ਪਾਬੰਦੀਆਂ ਰੁਕੀਆਂ ਹੋਈਆਂ ਸਨ ਤੇ ਈਰਾਨ ਨੂੰ ਅਮਰੀਕੀ ਡਾਲਰ ਦੇ ਬਦਲੇ ਖੁੱਲ੍ਹੇਆਮ ਤੇਲ ਵੇਚਣ ਦੀ ਛੋਟ ਮਿਲੀ ਹੋਈ ਸੀ। ਇਹ ਫੈਸਲਾ ਜਹਾਜ਼ਾਂ ’ਤੇ ਹੋਏ ਹਮਲੇ ਤੋਂ ਬਾਅਦ ਲਿਆ ਗਿਆ। ਯੂਨਾਈਟਡ ਕਿੰਗਡਮ ਮਾਰੀਟਾਈਮ ਟ੍ਰੇਡ ਆਪ੍ਰੇਸ਼ਨਜ਼ ਸੈਂਟਰ ਨੇ ਦੱਸਿਆ ਕਿ ਓਮਾਨ ਦੇ ਤੱਟ ਨੇੜੇ ਇਕ ਟੈਂਕਰ ’ਤੇ ਹਮਲਾ ਹੋਇਆ ਤੇ ਉਸ ’ਚ ਅੱਗ ਲੱਗ ਗਈ। ਈਰਾਨੀ ਮੀਡੀਆ ਨੇ ਕਿਹਾ ਕਿ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨ ਦੇ ਬਾਅਦ ਟੈਂਕਰ ’ਤੇ ਹਮਲਾ ਹੋਇਆ, ਪਰ ਉਸ ਨੇ ਸਿੱਧੇ ਤੌਰ ’ਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਯੂ.ਕੇ. ਏਜੰਸੀ ਨੇ ਦੱਸਿਆ ਕਿ ਬਾਕੀ ਦੋ ਜਹਾਜ਼ਾਂ ਨੂੰ ਕੁਝ ਨੁਕਸਾਨ ਪਹੁੰਚਿਆ ਹੈ, ਪਰ ਕੋਈ ਜ਼ਖਮੀ ਨਹੀਂ ਹੋਇਆ।

ਪਿਛਲੀ ਖ਼ਬਰ ਭਾਰਤ, ਕੈਨੇਡਾ ਤੇ ਯੂਰਪ ’ਚ ਸਰਗਰਮ ਭਾਰਤੀ ਗੈਂਗਸਟਰਾਂ ਖ਼ਿਲਾਫ਼ ਅਮਰੀਕਾ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਵਿਖੇ ਬਾਲ ਵਾਟਿਕਾ ਦੇ ਛੋਟੇ ਬੱਚਿਆਂ ਨੇ “ਰੰਗੋਲੀ ਮੁਕਾਬਲੇ” ਵਿਚ ਆਪਣੀਆਂ ਕਲਪਨਾਵਾਂ ਨੂੰ ਰੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।