03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਈਰਾਨ-ਅਮਰੀਕਾ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਹੋਈਆਂ ਖ਼ਤਮ

ਅਜੀਤ ਡੈਸਕ 20-07-2026

ਅੰਮ੍ਰਿਤਸਰ, 19 ਜੁਲਾਈ (ਸੁਰਿੰਦਰ ਕੋਛੜ)-ਹੋਰਮੂਜ ਸਟ੍ਰੇਟ (ਜਲਡਮਰੂ) ’ਚ ਅਮਰੀਕਾ ਅਤੇ ਈਰਾਨ ਵਿਚਕਾਰ ਸਰਬੋਤਮਤਾ ਦੀ ਲੜਾਈ ਤੇਜ਼ ਹੁੰਦੀ ਜਾ ਰਹੀ ਹੈ। ਲਗਾਤਾਰ ਅਮਰੀਕਾ ਵਲੋਂ ਕੀਤੇ ਜਾ ਰਹੇ ਫ਼ੌਜੀ ਹਮਲਿਆਂ ਤੋਂ ਬਾਅਦ ਈਰਾਨ ਨੇ ਉਸ ’ਤੇ ਇਸਲਾਮਾਬਾਦ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦਿਆਂ ਲੰਘੇ ਦਿਨ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਨੂੰ ਮੁਅੱਤਲ ਕਰ ਦਿੱਤਾ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ ਨੇ ਕਿਹਾ ਕਿ ਅਮਰੀਕਾ ਨੇ ਇਸਲਾਮਾਬਾਦ ਸਮਝੌਤੇ ਤਹਿਤ ਆਪਣੀਆਂ ਸਾਰੀਆਂ ਵਚਨਬੱਧਤਾਵਾਂ ਦੀ ਉਲੰਘਣਾ ਕੀਤੀ ਹੈ। ਦੂਜੇ ਪਾਸੇ, ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ. ਆਰ. ਜੀ. ਸੀ.) ਨੇ ਹਾਲ ਹੀ ’ਚ ਹੋਏ ਅਮਰੀਕੀ ਹਮਲਿਆਂ ਤੋਂ ਬਾਅਦ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਸ ਨੇ ਜਿੱਥੇ-ਜਿੱਥੇ ਅਮਰੀਕੀ ਫ਼ੌਜੀ ਬਲ ਤਾਇਨਾਤ ਹਨ ਉਨ੍ਹਾਂ ਖਾੜੀ ਦੇਸ਼ਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਖੇਤਰ ਨੂੰ ਈਰਾਨ ’ਤੇ ਹਮਲਾ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਉਨ੍ਹਾਂ ’ਤੇ ਵੀ ਈਰਾਨ ਸਖ਼ਤੀ ਨਾਲ ਜਵਾਬੀ ਕਾਰਵਾਈ ਕਰੇਗਾ। ਜਿਸ ਤਰ੍ਹਾਂ ਨਾਲ ਅਮਰੀਕਾ ਅਤੇ ਈਰਾਨ ਹੋਰਮੁਜ਼ ਜਲਡਮਰੂ ’ਤੇ ਲਗਾਤਾਰ ਜਵਾਬੀ ਹਮਲੇ ਕਰ ਰਹੇ ਹਨ, ਇਸ ਨਾਲ ਤਣਾਅ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਹੈ। ਈਰਾਨ-ਅਮਰੀਕਾ ਦੇ ਤਾਜ਼ਾ ਰਵੱਈਏ ਕਾਰਨ ਵਿਚੋਲਗੀ ਦੀ ਭੂਮਿਕਾ ਨਿਭਾਅ ਰਹੇ ਅਤੇ ਦੋਵਾਂ ਮੁਲਕਾਂ ਵਿਚਾਲੇ ਸੰਭਾਵੀ ਸ਼ਾਂਤੀ ਗੱਲਬਾਤ ਦੀ ਸਫਲਤਾ ਲਈ ਖ਼ੁਦ ਆਪਣੀ ਪਿੱਠ ਥਪਥਪਾ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੇ ਮੱਦੇਨਜ਼ਰ ਪਾਕਿ ਅਤੇ ਕੁਵੈਤ ਨੇ ਦੋਵਾਂ ਦੇਸ਼ਾਂ ਨੂੰ ਪਿਛਲੇ ਮਹੀਨੇ ਦੇ ਸਮਝੌਤੇ ਦਾ ਸਤਿਕਾਰ ਕਰਨ ਅਤੇ ਤਣਾਅ ਨੂੰ ਹੋਰ ਵਧਾਉਣ ਵਾਲੇ ਕਿਸੇ ਵੀ ਕਦਮ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਪਿਛਲੇ ਮਹੀਨੇ ਹਸਤਾਖ਼ਰ ਕੀਤੇ ਗਏ ਸਮਝੌਤੇ ਦਾ ਸਨਮਾਨ ਕਰਨ ਅਤੇ ਕਿਸੇ ਵੀ ਅਜਿਹੀ ਕਾਰਵਾਈ ਤੋਂ ਬਚਣ ਜੋ ਤਣਾਅ ਨੂੰ ਹੋਰ ਵਧਾ ਸਕਦੀ ਹੈ। ਪਾਕਿ ਦੇ ਵਿਦੇਸ਼ ਮੰਤਰਾਲੇ ਅਨੁਸਾਰ ਇਹ ਅਪੀਲ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਕੁਵੈਤ ਦੇ ਵਿਦੇਸ਼ ਮੰਤਰੀ ਸ਼ੇਖ਼ ਜਰਾਹ ਜਬੇਰ ਅਲ-ਅਹਿਮਦ ਅਲ-ਸਬਾਹ ਵਿਚਕਾਰ ਟੈਲੀਫ਼ੋਨ ’ਤੇ ਗੱਲਬਾਤ ਦੌਰਾਨ ਕੀਤੀ ਗਈ। ਇਹ ਗੱਲਬਾਤ ਉਸ ਸਮੇਂ ਹੋਈ ਜਦੋਂ ਅਮਰੀਕਾ ਅਤੇ ਈਰਾਨ ਨੇ ਲੰਘੇ ਦਿਨ ਇਕ-ਦੂਜੇ ’ਤੇ ਤਾਜ਼ਾ ਹਮਲੇ ਕੀਤੇ। ਕੁਵੈਤ ਦੇ ਵਿਦੇਸ਼ ਮੰਤਰੀ ਨੇ ਇਸਹਾਕ ਡਾਰ ਨਾਲ ਗੱਲਬਾਤ ਦੌਰਾਨ ਆਪਣੇ ਦੇਸ਼ ’ਤੇ ਲਗਾਤਾਰ ਹਮਲਿਆਂ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਸਾਰੀਆਂ ਧਿਰਾਂ ਸੰਜਮ ਵਰਤਣਗੀਆਂ। ਉਨ੍ਹਾਂ ਦੱਸਿਆ ਕਿ ਈਰਾਨੀ ਹਮਲਿਆਂ ਨੇ ਕੁਵੈਤ ਦੇ ਸਮੁੰਦਰੀ ਪਾਣੀ ਸ਼ੁੱਧੀਕਰਨ ਪਲਾਂਟ ਅਤੇ ਇਕ ਤੇਲ ਸਥਾਪਨਾ ਨੂੰ ਨੁਕਸਾਨ ਪਹੁੰਚਾਇਆ। ਇਸ ਕਾਰਨ ਕੁਵੈਤੀ ਹਵਾਈ ਖੇਤਰ ਅਸਥਾਈ ਤੌਰ ’ਤੇ ਬੰਦ ਹੋ ਗਿਆ ਅਤੇ ਉਡਾਣ ਸੇਵਾਵਾਂ ’ਚ ਵਿਘਨ ਪਿਆ। ਪਿਛਲੇ ਮਹੀਨੇ, ਅਮਰੀਕਾ ਅਤੇ ਈਰਾਨ ਨੇ ਪੱਛਮੀ ਏਸ਼ੀਆ ‘ਚ ਸ਼ਾਂਤੀ ਬਹਾਲ ਕਰਨ ਦੇ ਉਦੇਸ਼ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਸਨ। ਪਾਕਿ ਨੇ ਵੀ ਗਾਰੰਟਰ ਵਜੋਂ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। ਸਮਝੌਤੇ ਤਹਿਤ ਤਕਨੀਕੀ ਪੱਧਰ ਦੀ ਗੱਲਬਾਤ ਲਈ 60 ਦਿਨਾਂ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਸੀ, ਪਰ ਹੁਣ ਦੋਵਾਂ ਦੇਸ਼ਾਂ ਵਿਚਕਾਰ ਹਮਲਿਆਂ ਦੇ ਦੁਬਾਰਾ ਸ਼ੁਰੂ ਹੋਣ ਬਾਅਦ ਇਹ ਪ੍ਰਕਿਰਿਆ ਲਗਭਗ ਠੱਪ ਹੋ ਗਈ ਜਾਪਦੀ ਹੈ।

ਪਿਛਲੀ ਖ਼ਬਰ ਅਮਰੀਕੀ ਸੈਨਿਕਾਂ ਦੀਆਂ ਮੌਤਾਂ ਦਾ ਅੰਕੜਾ 16 ’ਤੇ ਪੁੱਜਾ ਅਗਲੀ ਖ਼ਬਰ ਅਮਰੀਕੀ ਸੈਨਿਕਾਂ ਦੀ ਮੌਤ ਦੇ ਜਵਾਬ ’ਚ ਅਮਰੀਕਾ ਵਲੋਂ ਈਰਾਨ ’ਤੇ ਹਮਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।