02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਹੰਗਾਮਿਆਂ ਦੌਰਾਨ ਲੋਕ ਸਭਾ ’ਚ ਪਾਸ ਹੋਇਆ ਵੰਦੇ ਮਾਤਰਮ ਨਾਲ ਸੰਬੰਧਿਤ ਬਿੱਲ

ਅਜੀਤ ਡੈਸਕ 31-07-2026
ਨਵੀਂ ਦਿੱਲੀ, 30 ਜੁਲਾਈ (ਉਪਮਾ ਡਾਗਾ ਪਾਰਥ)- ਵੰਦੇ ਮਾਤਰਮ ਨਾਲ ਸੰਬੰਧਿਤ ਬਿੱਲ, ਰਾਸ਼ਟਰੀ ਸਨਮਾਨ (ਅਪਮਾਨ ਨਿਰਵਾਹਣ ਸੋਧ) ਬਿੱਲ 2026 ਭਾਰੀ ਹੰਗਾਮੇ ਦੌਰਾਨ ਵੀਰਵਾਰ ਨੂੰ ਲੋਕ ਸਭਾ ’ਚੋਂ ਪਾਸ ਹੋ ਗਿਆ ਜਿਸ ਤੋਂ ਬਾਅਦ ਹੁਣ ਜਨ-ਗਣ-ਮਨ ਵਾਂਗ ਵੰਦੇ ਮਾਤਰਮ ਨੂੰ ਵੀ ਕਾਨੂੰਨੀ ਸੁਰੱਖਿਆ ਮਿਲੇਗੀ ਅਤੇ ਇਸ ਦਾ ਅਪਮਾਨ ਕਰਨ ਵਾਲੇ ਨੂੰ 3 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਲਗਾਏ ਜਾ ਸਕਦੇ ਹਨ। ਰਾਜ ਸਭਾ ’ਚੋਂ ਬੁੱਧਵਾਰ ਨੂੰ ਪਾਸ ਹੋਏ ਇਸ ਬਿੱਲ ਨੂੰ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਵੀਰਵਾਰ ਨੂੰ ਲੋਕ ਸਭਾ ’ਚ ਪੇਸ਼ ਕੀਤਾ। ਰਾਏ ਨੇ ਇਸ ਨੂੰ ਡਾ. ਰਜਿੰਦਰ ਪ੍ਰਸਾਦ ਵਲੋਂ ਸਾਲਾਂ ਪਹਿਲਾਂ ਦਿੱਤੇ ਭਰੋਸੇ ਦੀ ਪਾਲਣਾ ਕਰਨ ਦੀ ਦਿਸ਼ਾ ’ਚ ਚੁੱਕਿਆ ਕਦਮ ਕਰਾਰ ਦਿੱਤਾ। ਡੀ.ਐਮ.ਕੇ. ਨੇ ਇਸ ਨੂੰ ਇਕ ਖਤਰਨਾਕ ਕਦਮ ਦੱਸਦਿਆਂ ਇਸ ਨੂੰ ਭਾਰਤ ਦੇ ਸੰਘਵਾਦ ’ਤੇ ਢਾਹ ਲਾਉਣ ਬਾਰੇ ਚੁੱਕਿਆ ਕਦਮ ਦੱਸਿਆ। ਡੀ.ਐਮ.ਕੇ. ਦੀ ਕਨੀਮੋਝੀ ਨੇ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਸਰਕਾਰ ਵਲੋਂ ਹਿੰਦੂਤਵ ਏਜੰਡਾ ਸਥਾਪਿਤ ਕਰਨ ਲਈ ਚੁੱਕਿਆ ਕਦਮ ਦੱਸਿਆ। ਕਨੀਮੋਝੀ ਨੇ ਕਿਹਾ ਕਿ ਇਕ ਕਾਨੂੰਨ ਲਿਆ ਕੇ ਤੁਸੀਂ (ਸਰਕਾਰ) ਰਾਸ਼ਟਰਵਾਦ ਸਥਾਪਿਤ ਕਰਨ ਦਾ ਦਾਅਵਾ ਨਹੀਂ ਕਰ ਸਕਦੇ।
ਲੋਕ ਸਭਾ ’ਚ ਹੰਗਾਮਿਆਂ ਦੌਰਾਨ ਪੇਸ਼ ਕੀਤਾ ਬਿੱਲ
ਜਦੋਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ’ਚ ਇਹ ਬਿੱਲ ਪੇਸ਼ ਕੀਤਾ ਤਾਂ ਕਾਂਗਰਸ ਸਮੇਤ ਜ਼ਿਆਦਾਤਰ ਵਿਰੋਧੀ ਧਿਰਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸਭਾ ਦੇ ਵਿਚਕਾਰ ਸਨ। ਪਹਿਲਾਂ ਸਵੇਰੇ ਸਭਾ ਜੁੜਦਿਆਂ ਹੀ ਕਾਂਗਰਸੀ ਸੰਸਦ ਮੈਂਬਰ ਅਮਿਤ ਸ਼ਾਹ ਦੇ ਖ਼ਿਲਾਫ਼ ਪੋਸਟਰ ਲੈ ਕੇ ਸਦਨ ਦੇ ਵਿਚਕਾਰ ਆ ਗਏ ਜਿਨ੍ਹਾਂ ’ਤੇ ਲਿਖਿਆ ਸੀ ਕਿ ਆਰਡਰ ਕਿਸਨੇ ਦਿੱਤਾ? ਜਿਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਉਠਾ ਦਿੱਤੀ। ਬਾਅਦ ਦੁਪਹਿਰ 2 ਵਜੇ ਸਦਨ ਮੁੜ ਜੁੜਣ ’ਤੇ ਮੁੜ ਹੰਗਾਮਾ ਹੋਣ ’ਤੇ ਸਭਾ ਦੀ ਕਾਰਵਾਈ ਦੁਪਹਿਰ 3 ਵਜੇ ਅਤੇ ਫਿਰ ਸਾਢੇ ਤਿੰਨ ਵਜੇ ਤੱਕ ਲਈ ਉਠਾ ਦਿੱਤੀ ਗਈ। ਹੰਗਾਮਿਆਂ ’ਚ ਬਿੱਲ ’ਤੇ ਸੰਖੇਪ ਜਿਹੀ ਚਰਚਾ ਤੋਂ ਬਾਅਦ ਬਿੱਲ ਲੋਕ ਸਭਾ ’ਚੋਂ ਪਾਸ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਉਠਾ ਦਿੱਤੀ ਗਈ।
ਡੀ.ਐਮ.ਕੇ. ਨੇ ਪਾੜੀ ਬਿੱਲ ਦੀ ਕਾਪੀ
ਡੀ.ਐਮ.ਕੇ. ਸੰਸਦ ਮੈਂਬਰ ਏ. ਰਾਜਾ ਨੇ ਬਿੱਲ ਦੀ ਮੁਖਾਲਫਤ ਕਰਦਿਆਂ ਕਿਹਾ ਕਿ ਇਸ ਦੇਸ਼ ਦੀ ਵੰਡ ਲਈ ਸਿਰਫ ਇਕ ਵਿਅਕਤੀ ਸਾਵਰਕਰ ਅਤੇ ਇਕ ਗਾਣ ਵੰਦੇ ਮਾਤਰਮ ਹੀ ਜ਼ਿੰਮੇਵਾਰ ਸਨ। ਰਾਜਾ ਦੇ ਇਸ ਬਿਆਨ ’ਤੇ ਸੱਤਾ ਧਿਰ ਵਲੋਂ ਜ਼ੋਰਦਾਰ ਹੰਗਾਮਾ ਕੀਤਾ। ਰਾਜਾ ਨੇ ਬਿੱਲ ਨੂੰ ਲੈ ਕੇ ਟਿੱਪਣੀ ਕਰਦਿਆਂ ਕਿਹਾ ਇਕ ਭਾਰਤ ਲਈ ਸੰਪੂਰਨ ਵੰਦੇ ਭਾਰਤ ਹੋਣਾ ਚਾਹੀਦਾ ਹੈ। ਹੰਗਾਮਿਆਂ ’ਚ ਜ਼ੁਬਾਨੀ ਵੋਟਿੰਗ ਰਾਹੀਂ ਬਿੱਲ ਦੇ ਪਾਸ ਹੋਣ ’ਤੇ ਏ. ਰਾਜਾ ਨੇ ਸਦਨ ’ਚ ਬਿੱਲ ਦੀ ਕਾਪੀ ਫਾੜ ਕੇ ਵਿਰੋਧ ਪ੍ਰਗਟਾਇਆ।
ਪਿਛਲੀ ਖ਼ਬਰ ਵਿਰੋਧੀ ਧਿਰਾਂ ਦਾ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ’ਚ ਪੇਪਰ ਲੀਕ ਮਾਮਲੇ ’ਚ ਭਾਜਪਾ ਦਾ ‘ਆਪ’ ਦਫ਼ਤਰ ਅੱਗੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।