07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਫਿਰ ਚੁੱਕਿਆ ਆਪਣੇ ਨਾਲ ਹੋ ਰਹੀ ਬੇਇਨਸਾਫ਼ੀ ਦਾ ਮੁੱਦਾ

ਜਲੰਧਰ, 6 ਅਗਸਤ (ਜਸਪਾਲ ਸਿੰਘ)-ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ’ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਲਿਖੇ ਇਕ

ਅਜੀਤ ਡੈਸਕ 07-08-2026

ਜਲੰਧਰ, 6 ਅਗਸਤ (ਜਸਪਾਲ ਸਿੰਘ)-ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ’ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਲਿਖੇ ਇਕ ਬੇਹੱਦ ਭਾਵੁਕ ਪੱਤਰ ’ਚ ਜਿੱਥੇ ਆਪਣੇ ਨਾਲ ਕਰੀਬ ਦੋ ਦਹਾਕਿਆਂ ਤੋਂ ਹੋ ਰਹੀ ਬੇਇਨਸਾਫੀ ਦਾ ਮੁੱਦਾ ਚੁੱਕਿਆ ਹੈ, ਉੱਥੇ ਇਸ ਮਾਮਲੇ ’ਚ ਸਰਕਾਰਾਂ ਅਤੇ ਸਿੱਖ ਜਥੇਬੰਦੀਆਂ ਦੀ ਭੂੂਮਿਕਾ ’ਤੇ ਵੀ ਸਵਾਲ ਉਠਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾ. ਹਮਦਰਦ ਨੂੰ ਇਹ ਮਾਮਲਾ ‘ਅਜੀਤ’ ਦੇ ਵੱਖ-ਵੱਖ ਪਲੇਟਫਾਰਮਾਂ ਰਾਹੀਂ ਉਠਾਉਣ ਅਤੇ ਇਨਸਾਫ ਦਿਵਾਏ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮਾਮਲਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹੀ ਨਹੀਂ, ਸਗੋਂ ਸਿੱਖ ਕੌਮ ਨਾਲ ਕੀਤੀ ਜਾ ਰਹੀ ਬੇਇਨਸਾਫੀ ਤੇ ਵਿਤਕਰੇ ਨਾਲ ਵੀ ਸੰਬੰਧਿਤ ਹੈ। ਭਾਈ ਰਾਜੋਆਣਾ ਨੇ ਆਪਣੇ ਪੱਤਰ ’ਚ ਕੈਦੀਆਂ ਦੀ ਰਿਹਾਈ ਸੰਬੰਧੀ ਕਾਨੂੰਨ ਦੇ ਹਵਾਲੇ ਨਾਲ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਕੈਦੀਆਂ ਦੀ ਰਿਹਾਈ ਸੰਬੰਧੀ ਨੀਤੀ ਤਹਿਤ ਉਮਰ ਕੈਦ ਵਾਲੇ ਕੈਦੀ ਨੂੰ 12 ਸਾਲ ਤੇ ਜਿਸ ਕੈਦੀ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਹੁੰਦੀ ਹੈ, ਉਸ ਦੀ ਰਿਹਾਈ 14 ਸਾਲ ਬਾਅਦ ਕਰ ਦਿੱਤੀ ਜਾਂਦੀ ਹੈ, ਪਰ ਅੱਜ ਉਨ੍ਹਾਂ ਨੂੰ ਫਾਂਸੀ ਦੀ ਚੱਕੀ ’ਚ ਸਜ਼ਾ ਕੱਟਦਿਆਂ 19 ਸਾਲ ਦਾ ਲੰਬਾ ਸਮਾਂ ਹੋ ਚੁੱਕਾ ਹੈ, ਪਰ ਉਨ੍ਹਾਂ ਦੇ ਮਾਮਲੇ ’ਚ ਸਰਕਾਰਾਂ ਵਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਮਾਮਲੇ ’ਚ ਉਨ੍ਹਾਂ ਸਿੱਖ ਸੰਸਥਾਵਾਂ ਦੇ ਪ੍ਰਮੁੱਖ ਆਗੂਆਂ ਤੇ ਖ਼ਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਵੀ ਗਿਲਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਵਾਰ-ਵਾਰ ਇਹ ਅਪੀਲ ਕਰ ਚੁੱਕੇ ਹਨ ਕਿ ਜੇਕਰ ਉਨ੍ਹਾਂ (ਭਾਈ ਬਲਵੰਤ ਸਿੰਘ ਰਾਜੋਆਣਾ) ਦੇ ਮਾਮਲੇ ’ਚ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਕੋਈ ਫੈਸਲਾ ਨਹੀਂ ਕਰਦੀ ਤਾਂ ਉਹ ਖੁਦ ਇਸ ਸੰਬੰਧੀ ਕੋਈ ਫੈਸਲਾ ਲੈਣ ਪਰ ਉਹ ਵੀ ਇਸ ਮਾਮਲੇ ’ਤੇ ਚੁੱਪ ਵੱਟ ਗਏ ਹਨ। ਭਾਈ ਰਾਜੋਆਣਾ ਨੇ ਪੱਤਰ ’ਚ ਅੱਗੇ ਬਹੁਤ ਹੀ ਭਾਵੁਕ ਸ਼ਬਦਾਂ ’ਚ ਸਿੱਖ ਕੌਮ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਚੁੱਕਦਿਆਂ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ 19 ਸਾਲ ਫਾਂਸੀ ਦੀ ਚੱਕੀ ’ਚ ਬੰਦ ਰੱਖਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਤੇ ਸਿੱਖਾਂ ਨਾਲ ਹੋ ਰਿਹਾ ਇਹ ਵਰਤਾਰਾ ਆਪਣੇ-ਆਪ ’ਚ ਕਾਫੀ ਕੁਝ ਬਿਆਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਫਾਂਸੀ ਦੀ ਚੱਕੀ ’ਚ ਬੈਠ ਕੇ ਜ਼ਿੰਦਗੀ ਬਾਰੇ ਨਹੀਂ ਸੋਚ ਸਕਦਾ ਤੇ ਅਜਿਹੇ ਮਾਮਲੇ ਕਾਨੂੰਨ ਦੇ ਦੋਹਰੇ ਮਾਪਦੰਡਾਂ ਨੂੰ ਵੀ ਉਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਅਪੀਲ ਨੂੰ ਰਾਸ਼ਟਰਪਤੀ ਨੇ ਸਵੀਕਾਰ ਕੀਤਾ ਹੈ, ਉਸ ਸੰਬੰਧੀ ਫੈਸਲਾ ਲੈਣ ਦੀ ਕੋਈ ਸਮਾਂ ਸੀਮਾ ਤਾਂ ਨਿਸ਼ਚਿਤ ਹੋਣੀ ਚਾਹੀਦੀ ਹੈ ਤੇ ਅਜਿਹੇ ਮਾਮਲਿਆਂ ਨੂੰ ਕੇਵਲ ਰਾਜਨੀਤਕ ਲੋਕਾਂ ਦੀ ਇੱਛਾ ’ਤੇ ਨਹੀਂ ਛੱਡਿਆ ਜਾਣਾ ਚਾਹੀਦਾ। ਅਖੀਰ ’ਚ ਉਨ੍ਹਾਂ ਡਾ. ਹਮਦਰਦ ਨੂੰ ਇਸ ਮਾਮਲੇ ’ਚ ਆਵਾਜ਼ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ 19 ਸਾਲ ਤੋਂ ਫਾਂਸੀ ਦੀ ਚੱਕੀ ’ਚ ਬੰਦ ਵਿਅਕਤੀ ਦੀ ਵੇਦਨਾ ਤੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਮਹਿਸੂਸ ਕਰ ਸਕਦੇ ਹਨ।

ਪਿਛਲੀ ਖ਼ਬਰ ਲੁਧਿਆਣਾ ’ਚ ਕਾਂਗਰਸ ਦੇ ਪ੍ਰੋਗਰਾਮ ਦੌਰਾਨ ਆਸ਼ੂ-ਵੜਿੰਗ ਸਮਰਥਕਾਂ ਵਿਚਾਲੇ ਤਕਰਾਰ ਅਗਲੀ ਖ਼ਬਰ ਸੰਸਦ ’ਚ ਅੜਿੱਕਾ ਬਰਕਰਾਰ-ਬਿਨਾਂ ਚਰਚਾ ਦੇ ਲੋਕ ਸਭਾ ’ਚੋਂ ਪਾਸ ਹੋਇਆ ਪੰਜਵਾਂ ਬਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।