09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕੈਨੇਡਾ ’ਚ ਵਿਦਿਆਰਥੀ ਵੀਜ਼ੇ ਜ਼ਰੀਏ ਆਪਣਾ ਨੈੱਟਵਰਕ ਵਧਾ ਰਹੇ ਹਨ ਸੰਗਠਿਤ ਅਪਰਾਧਕ ਗਰੋਹ

ਓਟਾਵਾ, 8 ਅਗਸਤ (ਇੰਟ:)-ਕੈਨੇਡੀਅਨ ਨਿਊਜ਼ ਨੈੱਟਵਰਕ ਗਲੋਬਲ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ, ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਜਿਸ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਤਹਿਤ ਅੱਤਵਾਦੀ ਨਾਮਜ਼ਦ ਕੀਤਾ ਗਿਆ ਹੈ, ਨੇ ...

ਅਜੀਤ ਡੈਸਕ 09-08-2026

ਓਟਾਵਾ, 8 ਅਗਸਤ (ਇੰਟ:)-ਕੈਨੇਡੀਅਨ ਨਿਊਜ਼ ਨੈੱਟਵਰਕ ਗਲੋਬਲ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ, ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਜਿਸ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਤਹਿਤ ਅੱਤਵਾਦੀ ਨਾਮਜ਼ਦ ਕੀਤਾ ਗਿਆ ਹੈ, ਨੇ ਸਾਲ 2017 ਵਿਚ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਪਹੁੰਚਣ ਤੋਂ ਦੋ ਸਾਲ ਬਾਅਦ ਉੱਥੇ ਸ਼ਰਨਾਰਥੀ ਦਰਜੇ ਲਈ ਅਰਜ਼ੀ ਦਿੱਤੀ ਸੀ। ਇਹ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਦੀ ਇਕ ਗੁਪਤ ਰਿਪੋਰਟ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਬਰਾੜ ਨੇ ਸੁਣਵਾਈ ਲਈ ਪੇਸ਼ ਨਾ ਹੋ ਕੇ ਪ੍ਰਕਿਰਿਆ ਨੂੰ ਵਿਚਕਾਰ ਹੀ ਛੱਡ ਦਿੱਤਾ। ਰਿਪੋਰਟ ਅਨੁਸਾਰ ਬਰਾਡ਼ ਬ੍ਰਿਟਿਸ਼ ਕੋਲੰਬੀਆ ਦੀ ਥੌਮਸਨ ਰਿਵਰਸ ਯੂਨੀਵਰਸਿਟੀ ਵਿਚ ਪੜ੍ਹਨ ਲਈ ਕੈਨੇਡਾ ਗਿਆ ਸੀ। ਸੀ.ਬੀ.ਐਸ.ਏ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਉਸ ਨੇ ਕਦੇ ਕਾਲਜ ਵਿਚ ਕਲਾਸਾਂ ਲਗਾਈਆਂ ਸਨ ਜਾਂ ਨਹੀਂ। ਰਿਪੋਰਟ ਵਿਚ ਅੱਗੇ ਦੱਸਿਆ ਗਿਆ ਹੈ ਕਿ ਬਰਾਡ਼ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਵਰਤੋਂ ਕਿਵੇਂ ਕੀਤੀ। ਸੀ.ਬੀ.ਐਸ.ਏ. ਨੇ ‘ਦਿ ਬਿਸ਼ਨੋਈ ਗੈਂਗ: ਐਨ ਇਮਰਜਿੰਗ ਥ੍ਰੈਟਸ ਇਨ ਕੈਨੇਡਾ’ ਸਿਰਲੇਖ ਵਾਲੀ ਆਪਣੀ ਰਿਪੋਰਟ ਵਿਚ ਇਸ ਦੀ ਰੂਪਰੇਖਾ ਦਿੱਤੀ ਹੈ। ਏਜੰਸੀ ਨੇ ਇਸ ਅਪਰਾਧਿਕ ਗਰੋਹ ਦੁਆਰਾ ਪੈਦਾ ਕੀਤੇ ਗਏ ਖ਼ਤਰੇ ਨੂੰ ਹੱਲ ਕਰਨ ਲਈ ਪਿਛਲੇ ਦਸੰਬਰ ਵਿਚ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਇਹ ਰਿਪੋਰਟ ਸਾਂਝੀ ਕੀਤੀ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਦੀ ਹੀ ਇਕ ਖ਼ੁਫ਼ੀਆ ਰਿਪੋਰਟ ਨੇ ਕੈਨੇਡਾ ਦੇ ਕੌਮਾਂਤਰੀ ਵਿਦਿਆਰਥੀ ਪ੍ਰੋਗਰਾਮ ਨਾਲ ਜੁੜੇ ਉਕਤ ਚਿੰਤਾਜਨਕ ਪੱਖ ਨੂੰ ਉਜਾਗਰ ਕੀਤਾ ਹੈ। ਰਿਪੋਰਟ ਅਨੁਸਾਰ ਕੁਝ ਸੰਗਠਿਤ ਅਪਰਾਧਿਕ ਗਰੋਹਾਂ ਨਾਲ ਜੁੜੇ ਤੱਤ, ਵਿਦਿਆਰਥੀ ਅਤੇ ਵਰਕ ਪਰਮਿਟ ਪ੍ਰੋਗਰਾਮਾਂ ਦੀ ਦੁਰਵਰਤੋਂ ਕਰਕੇ ਕੈਨੇਡਾ ਵਿਚ ਆਪਣਾ ਨੈੱਟਵਰਕ ਫੈਲਾ ਰਹੇ ਹਨ। ਰਿਪੋਰਟ ਵਿਚ ਦਰਜ ਉਕਤ ਅੰਕੜੇ ਧਿਆਨ ਖਿੱਚਦੇ ਹਨ। ਸਾਲ 2016 ਤੋਂ 2024 ਦਰਮਿਆਨ ਭਾਰਤੀ ਸਟੱਡੀ ਪਰਮਿਟ ਧਾਰਕਾਂ ਵਿਰੁੱਧ ਦਰਜ ਅਪਰਾਧਿਕ ਦੋਸ਼ਾਂ ਵਿਚ 8,800 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਇਕੱਲੇ ਸਾਲ 2024 ਵਿਚ 2,418 ਭਾਰਤੀ ਵਿਦਿਆਰਥੀਆਂ ਵਿਰੁੱਧ 13,040 ਅਪਰਾਧਿਕ ਦੋਸ਼ ਲਗਾਏ ਗਏ। ਹਾਲਾਂਕਿ ਉਸੇ ਸਾਲ ਕੈਨੇਡਾ ਵਿਚ ਕੁੱਲ 1,88,125 ਭਾਰਤੀ ਵਿਦਿਆਰਥੀ ਪੜ੍ਹ ਰਹੇ ਸਨ, ਜਿਸ ਦਾ ਅਰਥ ਹੈ ਕਿ ਲਗਭਗ 98.8 ਫ਼ੀਸਦੀ ਵਿਦਿਆਰਥੀਆਂ ਦਾ ਕਿਸੇ ਵੀ ਅਪਰਾਧਿਕ ਦੋਸ਼ ਨਾਲ ਕੋਈ ਸੰਬੰਧ ਨਹੀਂ ਸੀ। ਇਸ ਲਈ ਅੰਕੜਿਆਂ ਦੀ ਵਿਆਖਿਆ ਕਰਦਿਆਂ ਸੰਤੁਲਿਤ ਨਜ਼ਰੀਆ ਅਪਣਾਉਣਾ ਲਾਜ਼ਮੀ ਹੈ। ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਸਾਲ 2019 ਤੋਂ 2023 ਵਿਚਕਾਰ ਲਗਭਗ 4,000 ਭਾਰਤੀ ਵਿਦਿਆਰਥੀਆਂ ਵਿਰੁੱਧ 17,929 ਅਪਰਾਧਿਕ ਦੋਸ਼ ਦਰਜ ਹੋਏ, ਜਿਨ੍ਹਾਂ ’ਚੋਂ 4,920 ਦੋਸ਼ ਸੰਗਠਿਤ ਜਾਂ ਗੰਭੀਰ ਅਪਰਾਧਾਂ ਨਾਲ ਸੰਬੰਧਿਤ ਸਨ। ਸਾਲ 2024 ਦੌਰਾਨ ਭਾਰਤੀ ਨਾਗਰਿਕਾਂ ਵਿਰੁੱਧ ਜਬਰਨ ਵਸੂਲੀ ਦੇ ਮਾਮਲਿਆਂ ਵਿਚ 47 ਫ਼ੀਸਦੀ ਵਾਧਾ ਵੀ ਦਰਜ ਕੀਤਾ ਗਿਆ, ਜਿਸ ਨੂੰ ਜਾਂਚ ਏਜੰਸੀਆਂ ਨੇ ਬਿਸ਼ਨੋਈ ਗੈਂਗ ਦੀ ਵਧਦੀ ਸਰਗਰਮੀ ਨਾਲ ਜੋੜਿਆ ਹੈ। ਇਹ ਤੱਥ ਨਿਸ਼ਚਿਤ ਤੌਰ ’ਤੇ ਚਿੰਤਾ ਪੈਦਾ ਕਰਦੇ ਹਨ, ਪਰ ਇਹ ਕਹਿਣਾ ਗ਼ਲਤ ਹੋਵੇਗਾ ਕਿ ਕੈਨੇਡਾ ਜਾਣ ਵਾਲਾ ਹਰ ਭਾਰਤੀ ਵਿਦਿਆਰਥੀ ਸ਼ੱਕ ਦੇ ਘੇਰੇ ਵਿਚ ਹੈ। ਹਕੀਕਤ ਇਹ ਹੈ ਕਿ ਲੱਖਾਂ ਨੌਜਵਾਨ ਉੱਚ ਸਿੱਖਿਆ, ਖੋਜ ਅਤੇ ਰੁਜ਼ਗਾਰ ਰਾਹੀਂ ਕੈਨੇਡਾ ਦੀ ਆਰਥਿਕਤਾ ਅਤੇ ਸਮਾਜ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਕੁਝ ਅਪਰਾਧਿਕ ਤੱਤਾਂ ਦੀਆਂ ਗਤੀਵਿਧੀਆਂ ਨੂੰ ਪੂਰੇ ਭਾਈਚਾਰੇ ਨਾਲ ਜੋੜਨਾ ਨਾ ਇਨਸਾਫ਼ੀ ਹੋਵੇਗੀ ਅਤੇ ਨਾ ਹੀ ਤੱਥਾਂ ਨਾਲ ਮੇਲ ਖਾਂਦਾ ਹੈ। ਫਿਰ ਵੀ ਇਹ ਘਟਨਾਵਾਂ ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਵਿਦਿਆਰਥੀ ਵੀਜ਼ਾ ਪ੍ਰਣਾਲੀ ਵਿਚ ਮੌਜੂਦ ਕਮਜ਼ੋਰੀਆਂ ਵੱਲ ਇਸ਼ਾਰਾ ਕਰਦੀਆਂ ਹਨ। ਵੀਜ਼ਾ ਜਾਂਚ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਨਿੱਜੀ ਕਾਲਜਾਂ ਦੀ ਜਵਾਬਦੇਹੀ ਤੈਅ ਕਰਨ ਅਤੇ ਸੰਗਠਿਤ ਅਪਰਾਧਿਕ ਗਰੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਪਹਿਲਾਂ ਨਾਲੋਂ ਵੱਧ ਮਹਿਸੂਸ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਭਾਰਤੀ ਵਿਦਿਆਰਥੀਆਂ ਨੂੰ ਵੀ ਆਸਾਨ ਕਮਾਈ, ਗ਼ਲਤ ਸੰਗਤ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਦੂਰ ਰਹਿਣਾ ਹੋਵੇਗਾ। ਇਕ ਗ਼ਲਤ ਕਦਮ ਸਿਰਫ਼ ਇਕ ਵਿਅਕਤੀ ਦਾ ਭਵਿੱਖ ਹੀ ਨਹੀਂ, ਸਗੋਂ ਪੂਰੇ ਭਾਰਤੀ ਵਿਦਿਆਰਥੀ ਭਾਈਚਾਰੇ ਦੀ ਸਾਖ ਨੂੰ ਵੀ ਠੇਸ ਪਹੁੰਚਾ ਸਕਦਾ ਹੈ। ਇਸ ਲਈ ਲੋੜ ਸੰਤੁਲਿਤ ਨੀਤੀ ਦੀ ਹੈ- ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤੀ ਅਤੇ ਇਮਾਨਦਾਰ ਵਿਦਿਆਰਥੀਆਂ ਲਈ ਨਿਰਪੱਖਤਾ। ਕੈਨੇਡਾ ਦਾ ਕੌਮਾਂਤਰੀ ਸਿੱਖਿਆ ਪ੍ਰੋਗਰਾਮ ਤਦ ਹੀ ਆਪਣੀ ਭਰੋਸੇਯੋਗਤਾ ਕਾਇਮ ਰੱਖ ਸਕੇਗਾ ਜਦੋਂ ਸੁਰੱਖਿਆ ਅਤੇ ਸਿੱਖਿਆ ਦੋਵਾਂ ਨੂੰ ਇੱਕੋ ਜਿਹੀ ਤਰਜੀਹ ਦਿੱਤੀ ਜਾਵੇ।

 

ਪਿਛਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਦੀਆਂ ਮੰਡੀਆਂ ’ਚ ਪਿਆ ਪੁਰਾਣਾ ‘ਸਟਾਕ’ 20 ਸਤੰਬਰ ਤੱਕ ਚੁੱਕੇਗੀ-ਮੁੱਖ ਮੰਤਰੀ ਅਗਲੀ ਖ਼ਬਰ ਪਾਕਿ ਏਜੰਟ ਦੇ ਜਾਲ ’ਚ ਫਸਣ ਦੇ ਦੋਸ਼ ’ਚ ਭਾਰਤੀ ਹਵਾਈ ਫ਼ੌਜ ਦਾ ਅਧਿਕਾਰੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।