10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮੁੱਖ ਮੰਤਰੀ ਨੇ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦਾ ਰੱਖਿਆ ਨੀਂਹ ਪੱਥਰ

ਜਲੰਧਰ, 9 ਅਗਸਤ (ਜਸਪਾਲ ਸਿੰਘ, ਭਜਨ ਸਿੰਘ ਧੀਰਪੁਰ, ਹੁਸਨ ਲਾਲ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡੇਰਾ ਸਚਖੰਡ ਬੱਲਾਂ ਵਿਖੇ ਕਰੀਬ ਸਾਢੇ 10 ਏਕੜ ਜ਼ਮੀਨ ’ਤੇ ਉਸਾਰੇ ਜਾ ਰਹੇ ...

ਅਜੀਤ ਡੈਸਕ 10-08-2026

ਜਲੰਧਰ, 9 ਅਗਸਤ (ਜਸਪਾਲ ਸਿੰਘ, ਭਜਨ ਸਿੰਘ ਧੀਰਪੁਰ, ਹੁਸਨ ਲਾਲ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡੇਰਾ ਸਚਖੰਡ ਬੱਲਾਂ ਵਿਖੇ ਕਰੀਬ ਸਾਢੇ 10 ਏਕੜ ਜ਼ਮੀਨ ’ਤੇ ਉਸਾਰੇ ਜਾ ਰਹੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਡੇਰਾ ਸਚਖੰਡ ਬੱਲਾਂ ਦੇ ਮੁਖੀ ਪਦਮਸ੍ਰੀ ਸੰਤ ਨਿਰੰਜਨ ਦਾਸ, ਸੰਤ ਪ੍ਰਗਟ ਨਾਥ, ਸੰਤ ਪ੍ਰਦੀਪ ਦਾਸ, ਸੰਤ ਤੇਜਾ ਸਿੰਘ, ਸੰਤ ਨਿਰਮਲ ਦਾਸ ਬਾਬਾ ਜੌੜੇ ਵਾਲੇ, ਸੰਤ ਸਰਵਨ ਦਾਸ ਤੇ ਸੰਤ ਲੇਖ ਰਾਜ ਸਮੇਤ ਹੋਰ ਸੰਤ-ਮਹਾਂਪੁਰਸ਼ ਵੀ ਵੱਡੀ ਗਿਣਤੀ ’ਚ ਮੌਜੂਦ ਸਨ । ਇਸ ਮੌਕੇ ਨੀਂਹ ਪੱਥਰ ਤੋਂ ਰਸਮੀ ਤੌਰ ’ਤੇ ਪਰਦਾ ਹਟਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਨਿਰੰਜਨ ਦਾਸ ਸਮੇਤ ਹੋਰਨਾਂ ਸੰਤਾਂ-ਮਹਾਂਪੁਰਸ਼ਾਂ ਦੀ ਹਾਜ਼ਰੀ ’ਚ ਪੂਰਨ ਧਾਰਮਿਕ ਰਹੁ ਰੀਤਾਂ ਨਾਲ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਨੀਂਹ ਰੱਖੀ। ਬਾਅਦ ’ਚ ਉਨ੍ਹਾਂ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਅਧਿਐਨ ਕੇਂਦਰ ਸ੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ, ਫਲਸਫੇ ਅਤੇ ਪਵਿੱਤਰ ਬਾਣੀ ਦੇ ਅਧਿਐਨ ਅਤੇ ਪ੍ਰਚਾਰ-ਪ੍ਰਸਾਰ ਲਈ ਇਕ ਅਹਿਮ ਸੰਸਥਾ ਵਜੋਂ ਉੱਭਰੇਗਾ ਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਚਾਨਣ ਮੁਨਾਰਾ ਬਣੇਗਾ। ਉਨ੍ਹਾਂ ਕਿਹਾ ਕਿ ਇਸ ਦੀ ਉਸਾਰੀ ’ਤੇ ਕੁੱਲ 37 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਵਿਚੋਂ 11 ਕਰੋੜ ਰੁਪਏ ਜ਼ਮੀਨ ’ਤੇ ਅਤੇ 60 ਲੱਖ ਰੁਪਏ ਜ਼ਰੂਰੀ ਪ੍ਰਵਾਨਗੀਆਂ ’ਤੇ ਖਰਚ ਕੀਤੇ ਗਏ ਹਨ । ਇਸ ਮੌਕੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਤੇ ਉਨ੍ਹਾਂ ਦਾ ਜਨਮ ਉਸ ਸਮੇਂ ਹੋਇਆ ਸੀ ਜਦੋਂ ਸਮਾਜ ਜਾਤ-ਪਾਤ ਵਿਚ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ । ਉਨ੍ਹਾਂ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਰਵਿਦਾਸ ਜੀਦਾ 650ਵਾਂ ਜਨਮ ਦਿਵਸ ਵੱਡੇ ਪੱਧਰ ’ਤੇ ਮਨਾਉਣ ਦਾ ਸੁਭਾਗ ਮਿਲ ਰਿਹਾ ਹੈ ਤੇ ਇਸ ਸੰਬੰਧੀ 100 ਕਰੋੜ ਰੁਪਏ ਦਾ ਬਜਟ ਵੀ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਸੰਤਾਂ ਮਹਾਂਪੁਰਸ਼ਾਂ ਦਾ ਇਸ ਸਮਾਗਮ ’ਚ ਪੁੱਜਣ ’ਤੇ ਸਵਾਗਤ ਕਰਦਿਆਂ ਇਸ ਅਧਿਐਨ ਕੇਂਦਰ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕਹਿਣੀ ਤੇ ਕਰਨੀ ਦੇ ਪੱਕੇ ਹਨ ਤੇ ਉਨ੍ਹਾਂ ਦਾ ਮੁੜ ਮੁੱਖ ਮੰਤਰੀ ਬਣਨਾ ਤੈਅ ਹੈ। ਇਸ ਮੌਕੇ ਮੰਚ ਦਾ ਸੰਚਾਲਨ ਸੱਭਿਆਚਰਕ ਤੇ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਵਲੋਂ ਕੀਤਾ ਗਿਆ। 
ਕੌਣ-ਕੌਣ ਰਹੇ ਹਾਜ਼ਰ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈ. ਟੀ. ਓ., ਮਹਿੰਦਰ ਭਗਤ, ਡਾ. ਰਵਜੋਤ ਸਿੰਘ, ਦਵਿੰਦਰਜੀਤ ਸਿੰਘ ਲਾਡੀ ਢੋਸ, ਇੰਦਰਜੀਤ ਕੌਰ ਮਾਨ, ਨਰਿੰਦਰ ਕੌਰ ਭਰਾਜ, ਹਲਕਾ ਆਦਮਪੁਰ ਦੇ ਇੰਚਾਰਜ ਪਵਨ ਟੀਨੂੰ, ਹਲਕਾ ਜਲੰਧਰ ਕੇਂਦਰੀ ਦੇ ਇੰਚਾਰਜ ਨਿਤਿਨ ਕੋਹਲੀ, ਜਲੰਧਰ ਉੱਤਰੀ ਦੇ ਇੰਚਾਰਜ ਵਨੀਤ ਧੀਰ ਮੇਅਰ, ਜਲੰਧਰ ਛਾਉਣੀ ਹਲਕੇ ਦੀ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ, ਹਰਪ੍ਰੀਤ ਕੌਰ ਤੇ ਗੁਰਪਾਲ ਸਿੰਘ ਮਾਂਗੇਕੀ ਤੋਂ ਇਲਾਵਾ ਸੰਤ ਸੁਰਿੰਦਰ ਦਾਸ ਖੁਰਾਲਗੜ੍ਹ, ਸੰਤ ਮਹਿੰਦਰਪਾਲ ਸਿੰਘ ਪੰਡਵਾਂ, ਸੰਤ ਬਲਵੰਤ ਸਿੰਘ ਡੀਂਗਰੀਆਂ, ਸੰਤ ਕੇਵਲ ਸਿੰਘ ਖੁਰਾਲਗੜ੍ਹ, ਸੰਤ ਕੁਲਦੀਪ ਸਿੰਘ ਬਸੀ, ਸੰਤ ਪ੍ਰੀਤਮ ਦਾਸ ਸੰਗਤਪੁਰਾ, ਸੰਤ ਬਲਰਾਜ ਸਿੰਘ ਬੂਟਾ ਮੰਡੀ, ਸੰਤ ਧਰਮਪਾਲ ਸ਼ੇਰਗੜ੍ਹ, ਸੰਤ ਬਲਕਾਰ ਸਿੰਘ ਤੱਗੜ ਤੇ ਭੈਣ ਸੰਤੋਸ਼ ਕੁਮਾਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਅਗਲੀ ਖ਼ਬਰ ‘ ਹਮਾਰੇ ਰਾਮ ’ ਨਾਟਕ ਨੇ ਮੁਹਾਲੀ ਵਿਖੇ ਦਰਸ਼ਕਾਂ ਨੂੰ ਕੀਤਾ ਮੰਤਰ - ਮੁਗਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।