18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬੰਗਾਲ ਦੇ ਹੋਟਲ ’ਚ ਅੱਗ ਲੱਗਣ ਨਾਲ 8 ਮੌਤਾਂ, ਕਈ ਜ਼ਖ਼ਮੀ

ਬੰਗਾਲ ਦੇ ਹੋਟਲ ’ਚ ਅੱਗ ਲੱਗਣ ਨਾਲ 8 ਮੌਤਾਂ, ਕਈ ਜ਼ਖ਼ਮੀ

ਅਜੀਤ ਡੈਸਕ 18-08-2026

ਤਾਰਾਪੀਠ (ਪੱਛਮੀ ਬੰਗਾਲ), 17 ਅਗਸਤ (ਪੀ.ਟੀ.ਆਈ.)-ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਕ ਹੋਟਲ ’ਚ ਸੋਮਵਾਰ ਤੜਕੇ ਅੱਗ ਲੱਗਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਉਥੇ ਠਹਿਰੇ ਬਹੁਤ ਸਾਰੇ ਲੋਕ ਸ਼ਰਧਾਲੂ ਸਨ, ਜੋ ਪਵਿੱਤਰ ਸਾਵਣ ਮਹੀਨੇ ਦੇ ਆਖਰੀ ਸੋਮਵਾਰ ਨੂੰ ਪ੍ਰਾਰਥਨਾ ਕਰਨ ਲਈ ਤਾਰਾਪੀਠ ਮੰਦਰ ਸ਼ਹਿਰ ਆਏ ਸਨ। ਉਨ੍ਹਾਂ ਕਿਹਾ ਕਿ ਅੱਗ ਸਵੇਰੇ 4:30 ਵਜੇ ਦੇ ਕਰੀਬ ਚਾਰ ਮੰਜ਼ਿਲਾ ਹੋਟਲ ਦੀ ਜ਼ਮੀਨੀ ਮੰਜ਼ਿਲ ’ਤੇ ਲੱਗੀ ਜਦੋਂ ਜ਼ਿਆਦਾਤਰ ਸ਼ਰਧਾਲੂ ਸੁੱਤੇ ਹੋਏ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਜ਼ਖ਼ਮੀਆਂ ਨੂੰ ਰਾਮਪੁਰਹਾਟ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਕੁਝ ਲੋਕ ਝੁਲਸ ਗਏ, ਜਦੋਂ ਕਿ ਕੁਝ ਦੀ ਦਮ ਘੁੱਟਣ ਨਾਲ ਤਬੀਅਤ ਕਾਫੀ ਵਿਗੜ ਗਈ। ਹੋਟਲ ਅਧਿਕਾਰੀਆਂ ਦਾ ਦਾਅਵਾ ਹੈ ਕਿ ਅੱਗ ਸ਼ਾਰਟ  ਸਰਕਟ ਕਾਰਨ ਲੱਗੀ ਸੀ। ਉਨ੍ਹਾਂ ਅਨੁਸਾਰ, ਇਹ ਅੱਗ ਹੋਟਲ ਦੇ ਰਿਸੈਪਸ਼ਨ ਨੇੜੇ ਬਿਜਲੀ ਸਪਲਾਈ ਸਿਸਟਮ ’ਚ ਬਿਜਲੀ ਦੇ ਇਕ ਕੰਪੋਨੈਂਟ ਨੂੰ ਅੱਗ ਲੱਗਣ ਤੋਂ ਬਾਅਦ ਲੱਗੀ। ਬੇਸ਼ੱਕ, ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।ਹੋਟਲ ਦੇ ਅੰਦਰ ਸਜਾਵਟੀ ਅਤੇ ਫਾਈਬਰ ਸਮੱਗਰੀ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਪੁਲਿਸ ਨੇ ਬਾਅਦ ’ਚ ਹੋਟਲ ਦੇ ਅੱਗ ਬੁਝਾਉਣ ਦੇ ਸਿਸਟਮ ਨੂੰ ਬਣਾਈ ਰੱਖਣ ’ਚ ਲਾਪ੍ਰਵਾਹੀ ਲਈ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਘਟਨਾ ਤੋਂ ਬਾਅਦ ਤੇ ਆਉਣ ਵਾਲੇ ਕੌਸ਼ਿਕੀ ਅਮਾਵੱਸਿਆ ਤਿਉਹਾਰ ਦੇ ਮੱਦੇਨਜ਼ਰ, ਬੀਰਭੂਮ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਰਾਪੀਠ ਵਿੱਚ ਹੋਟਲਾਂ, ਲਾਜਾਂ ਅਤੇ ਹੋਰ ਅਦਾਰਿਆਂ ਵਿੱਚ ਬਿਜਲੀ ਪ੍ਰਣਾਲੀਆਂ ਅਤੇ ਅੱਗ ਬੁਝਾਉਣ ਦੇ ਪ੍ਰਬੰਧਾਂ ਦਾ ਵਿਸ਼ੇਸ਼ ਆਡਿਟ ਕਰਨ ਦਾ ਐਲਾਨ ਕੀਤਾ ਹੈ।

ਪਿਛਲੀ ਖ਼ਬਰ ਝਾਰਖੰਡ ਸਰਕਾਰ ਨੇ ਮੰਨੀਆਂ ਵਿਦਿਆਰਥੀਆਂ ਦੀਆਂ ਮੰਗਾਂ-ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਅਗਲੀ ਖ਼ਬਰ ਭਾਜਪਾ ਨੇ ਕੌਮੀ ਸੰਗਠਨ ’ਚ ਕੀਤੀਆਂ ਨਵੀਆਂ ਨਿਯੁਕਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।