ਨਵੀਂ ਦਿੱਲੀ, 26 ਅਗਸਤ (ਉਪਮਾ ਡਾਗਾ ਪਾਰਥ)-ਲੋਕ ਸਭਾ ਸਪੀਕਰ ਓਮ ਬਿਰਲਾ ਨੇ ਟੀ. ਐਮ. ਸੀ. ਦੇ 20 ਬਾਗੀ ਸੰਸਦ ਮੈਂਬਰਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ 7 ਦਿਨਾਂ ’ਚ ਜਵਾਬ ਮੰਗਿਆ ਹੈ। ਇਹ ਕਾਰਵਾਈ ਟੀ. ਐਮ. ਸੀ. ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਵਲੋਂ ਅਯੋਗਤਾ ਸੰਬੰਧੀ ਸੁਪਰੀਮ ਕੋਰਟ ’ਚ ਪਾਈ ਪਟੀਸ਼ਨ ’ਤੇ ਅਦਾਲਤ ਵਲੋਂ 20 ਬਾਗੀ ਸੰਸਦ ਮੈਂਬਰਾਂ ਨੂੰ ਦਿੱਤੇ ਨੋਟਿਸ ਤੋਂ ਇਕ ਦਿਨ ਬਾਅਦ ਕੀਤੀ ਗਈ ਹੈ। ਅਭਿਸ਼ੇਕ ਬੈਨਰਜੀ ਨੇ ਇਸ ਮਾਮਲੇ ’ਚ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਚ ਇਲਜ਼ਾਮ ਲਾਇਆ ਗਿਆ ਸੀ ਕਿ ਲੋਕ ਸਭਾ ਸਪੀਕਰ ਅੱਗੇ ਦਾਇਰ ਅਯੋਗਤਾ ਪਟੀਸ਼ਨ ’ਤੇ ਸਮਾਂਬੱਧ ਤਰੀਕੇ ਨਾਲ ਫ਼ੈਸਲਾ ਨਹੀਂ ਕੀਤਾ ਜਾ ਰਿਹਾ, ਜਿਸ ’ਤੇ ਸੁਪਰੀਮ ਕੋਰਟ ਨੇ 20 ਬਾਗੀ ਸੰਸਦ ਮੈਂਬਰਾਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ। ਬਾਗੀ ਗੁੱਟ ’ਚ ਸੀਨੀਅਰ ਨੇਤਾ ਕਾਕੋਲੀ ਘੋਸ਼, ਸੁਦੀਪ ਬੰਧੋਪਾਧਿਆਏ, ਯੂਸੁਫ਼ ਪਠਾਨ, ਸਾਯੋਨੀ ਘੋਸ਼, ਸ਼ਤਾਬਦੀ ਰਾਏ, ਰਚਨਾ ਬੈਨਰਜੀ ਆਦਿ ਨੇਤਾ ਸ਼ਾਮਿਲ ਹਨ। ਇਨ੍ਹਾਂ ਨੇਤਾਵਾਂ ’ਚ ਟੀ. ਐਮ. ਸੀ. ਦੇ 20 ਸੰਸਦ ਮੈਂਬਰਾਂ ਨੇ ਪਾਰਟੀ ਤੋਂ ਵੱਖ ਹੋ ਕੇ ਵੱਖਰੇ ਗਰੁੱਪ ’ਚ ਪੇਸ਼ ਕੀਤਾ ਅਤੇ ਐਨ. ਸੀ. ਪੀ. ਆਈ. ’ਚ ਰਲੇਵੇਂ ਦਾ ਐਲਾਨ ਕੀਤਾ।