29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸਾਰੀਆਂ ਸੀਟਾਂ ਜਿਤਾ ਕੇ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਸੱਦਾ

ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸਾਰੀਆਂ ਸੀਟਾਂ ਜਿਤਾ ਕੇ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਸੱਦਾ

ਅਜੀਤ ਡੈਸਕ 29-08-2026

ਪੰਥ ਤੇ ਪੰਜਾਬ ਦਾ ਅਸਲੀ ਵਾਰਿਸ ਕੌਣ, ਇਸ ਦੀ ਪਛਾਣ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀ ਕਰਨਗੇ- ਇਆਲੀ

ਜਸਵੰਤ ਸਿੰਘ ਜੱਸ ਸ਼ੇਲਿੰਦਰਜੀਤ ਸਿੰਘ ਰਾਜਨ
ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), 28 ਅਗਸਤ - ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਅੱਜ ਇਥੇ ਮੇਲਾ ਰੱਖੜ ਪੁੰਨਿਆ ਮੌਕੇ ਕੀਤੀ ਗਈ ‘ਗੁਰੂ ਲਾਧੋ ਰੇ’ ਵਿਸ਼ਾਲ ਸਿਆਸੀ ਕਾਨਫਰੰਸ ਦੌਰਾਨ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਪਾਰਟੀ ਦੇ ਸਰਪ੍ਰਸਤ ਤਰਸੇਮ ਸਿੰਘ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਸਮੇਤ ਬੁਲਾਰਿਆਂ ਨੇ ਪੰਜਾਬ ਵਾਸੀਆਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਦੀਆਂ ਸਾਰੀਆਂ ਸੀਟਾਂ ਜਿਤਾ ਕੇ ਅੰਮ੍ਰਿਤਪਾਲ ਸਿੰਘ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਬਣਾਉਣ ਦਾ ਸੱਦਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਜਿਥੇ ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੰਜਾਬ ਵਿਚ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਬੋਲ-ਬਾਲੇ ਦੀ ਆਲੋਚਨਾ ਕੀਤੀ, ਉਥੇ ਉਨ੍ਹਾਂ ਅੰਮ੍ਰਿਤਪਾਲ ਸਿੰਘ ਵਲੋਂ ਭੇਜੇ ਪੱਤਰ ਵਿਚ ਪੰਜਾਬ ਦੇ ਲੋਕਾਂ ਨਾਲ ਇਹ ਅਹਿਦ ਕੀਤਾ ਕਿ ਪੰਜਾਬੀਆਂ ਦੇ ਹੱਥ ਫ਼ੈਸਲੇ ਦੀ ਤਾਕਤ ਆਉਣ, ਭਾਵ ਪਾਰਟੀ ਦੀ ਸਰਕਾਰ ਬਣਨ ’ਤੇ 1997 ਤੋਂ 2027 ਤੱਕ ਦੀਆਂ ਸਰਕਾਰਾਂ ਦੌਰਾਨ ਪੰਜਾਬ ਵਿਚ ਨਸ਼ਿਆਂ ਦੇ ਪਸਾਰ, ਨਸ਼ਿਆਂ ਕਾਰਨ ਹੋਈਆਂ ਮੌਤਾਂ, ਸਪਲਾਈ ਚੇਨ, ਨਸ਼ਿਆਂ ਦੀ ਵਿਕਰੀ ਵਿਚ ਸਿਆਸੀ ਸ਼ਮੂਲੀਅਤ ਅਤੇ ਪੁਲਿਸ ਤੇ ਸੁਰੱਖਿਆ ਤੰਤਰ ਦੀ ਕਥਿਤ ਮਿਲੀਭੁਗਤ ਸੰਬੰਧੀ ਵਾਈਟ ਪੇਪਰ ਜਾਰੀ ਕਰਨ, ਪੀੜ੍ਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਵਿਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਅਹਿਦ ਪੂਰੇ ਨਹੀਂ ਕਰਾਂਗੇ ਤਾਂ ਤੁਹਾਡੇ ਗੁਨਾਹਗਾਰ ਹੋਵਾਂਗੇ।  

ਪੰਥ ਤੇ ਪੰਜਾਬ ਦਾ ਅਸਲੀ ਵਾਰਿਸ ਕੌਣ, ਇਸ ਦੀ ਪਛਾਣ ਪੰਜਾਬ ਵਾਸੀਆਂ ਨੇ ਕਰਨੀ ਹੈ- ਇਆਲੀ 
ਸੀਨੀਅਰ ਪਾਰਟੀ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਥ ਅਤੇ ਪੰਜਾਬ ਦਾ ਅਸਲੀ ਵਾਰਿਸ ਕੌਣ ਹੈ, ਇਸ ਦੀ ਪਛਾਣ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨੇ ਕਰਨੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਇਸ ਦਾ ਫ਼ੈਸਲਾ ਕਰਦੀਆਂ ਸਨ, ਪਰ ਇਹ ਚੋਣਾਂ ਤਾਂ 15 ਸਾਲਾਂ ਤੋਂ ਹੋਈਆਂ ਹੀ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਰਵਾਇਤੀ ਲੀਡਰਸ਼ਿਪ ਹੁਣ ਪੰਥ ਤੇ ਪੰਜਾਬੀਆਂ ਦਾ ਭਰੋਸਾ ਗੁਆ ਚੁੱਕੀ ਹੈ ਤੇ ਵਾਰਿਸ ਪੰਜਾਬ ਦੇ ਪਾਰਟੀ ਦਾ ਕਾਫ਼ਲਾ ਦਿਨੋਂ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹੋਂਦ ਵਿਚ ਆਉਣ ’ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਨਸ਼ਿਆਂ ਤੇ ਗੈਂਗਸਟਰਵਾਦ ਦੀ ਰੋਕਥਾਮ ਅਤੇ ਪੰਜਾਬ ਵਿਚ ਅਮਨ ਸ਼ਾਂਤੀ ਕਾਇਮ ਕਰਨਾ, ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨਾ ਸਾਡੇ ਮੁੱਖ ਏਜੰਡੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸੰਬੰਧੀ ਪਾਰਟੀ ਦੀ ਵਿਜ਼ਨ ਦਸਤਾਵੇਜ਼ ਜਲਦ ਜਾਰੀ ਕੀਤਾ ਜਾਵੇਗਾ। ਇਆਲੀ ਨੇ ਕਿਹਾ ਕਿ ਸਾਡੀ ਲੜਾਈ ਕੇਵਲ ਟਿਕਟਾਂ ਜਾਂ ਕੁਰਸੀ ਲਈ ਨਹੀਂ, ਬਲਕਿ ਇਕ ਮਜ਼ਬੂਤ ਪੰਥਕ ਖੇਤਰੀ ਧਿਰ ਦੀ ਸਥਾਪਤੀ ਹੈ। ਇਸ ਦੌਰਾਨ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਦੀ ਅਗਵਾਈ ਵਿਚ ਹੋਈ ਇਸ ਵਿਸ਼ਾਲ ਸਿਆਸੀ ਕਾਨਫਰੰਸ ਦੌਰਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਅਮਰਜੀਤ ਸਿੰਘ ਵੰਨ ਚਿੜੀ, ਸੁਖਵਿੰਦਰ ਸਿੰਘ ਅਗਵਾਨ, ਕਰਮਜੀਤ ਸਿੰਘ ਸੁਨਾਮ, ਭਾਈ ਮਨਦੀਪ ਸਿੰਘ ਸਿੱਧੂ ਤੇ ਹੋਰਨਾਂ ਬੁਲਾਰਿਆਂ ਨੇ ਪੰਜਾਬ ਦੇ ਮੁੱਦੇ ਪ੍ਰਮੁੱਖਤਾ ਨਾਲ ਉਠਾਏ ਤੇ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਕਾਨਫਰੰਸ ਵਿਚ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਅਤੇ ਪਾਰਟੀ ਆਗੂ ਪਰਮਜੀਤ ਸਿੰਘ ਜੌਹਲ ਸਿਹਤ ਠੀਕ ਨਾ ਹੋਣ ਕਾਰਨ  ਸ਼ਾਮਿਲ ਨਹੀਂ ਹੋ ਸਕੇ। ਇਸ ਮੌਕੇ ਇਕਬਾਲ ਸਿੰਘ ਝੂੰਦਾ, ਚਾਚਾ ਸੁਖਚੈਨ ਸਿੰਘ, ਚਾਚਾ ਪ੍ਰਗਟ ਸਿੰਘ, ਮਾਤਾ ਬਲਵਿੰਦਰ ਕੌਰ, ਸੁਖਦੇਵ ਸਿੰਘ ਕਾਦੀਆਂ, ਹਰਭਜਨ ਸਿੰਘ ਤੁੜ, ਸੁਰਜੀਤ ਸਿੰਘ ਦੌਲਤਪੁਰ, ਇਕਬਾਲ ਸਿੰਘ ਸੰਧੂ, ਕਾਬਲ ਸਿੰਘ, ਬਾਬੂ ਸਿੰਘ ਬਰਾੜ ਸੁਖਵਿੰਦਰ ਸਿੰਘ ਅਗਵਾਨ, ਸ਼ਮਸ਼ੇਰ ਸਿੰਘ ਪੱਧਰੀ, ਬੀਬੀ ਹਰਪ੍ਰੀਤ ਕੌਰ, ਬੀਬੀ ਸਤਨਾਮ ਕੌਰ, ਬੀਬੀ ਨਰਿੰਦਰ ਕੌਰ ਕਲਸੀ, ਨਵਜੋਤ ਕੌਰ ਲੰਬੀ, ਸੰਦੀਪ ਸਿੰਘ ਰੁਪਾਲੋਂ, ਸਰਬਜੀਤ ਸਿੰਘ ਖ਼ਾਨਪੁਰ ਹਲਕਾ ਇੰਚਾਰਜ, ਐਡਵੋਕੇਟ ਅਜੇਪਾਲ ਸਿੰਘ ਢਿੱਲੋਂ, ਜਸਕਰਨ ਸਿੰਘ ਰਿਆੜ, ਅਮਨਦੀਪ ਸਿੰਘ ਡੱਡੂਆਣਾ, ਜਤਿੰਦਰ ਸਿੰਘ ਮਹਿਤਾ, ਦਲੇਰ ਸਿੰਘ ਡੋਡ, ਪ੍ਰਗਟ ਸਿੰਘ ਮੀਆਂਵਿੰਡ, ਗੁਰਪ੍ਰੀਤ ਸਿੰਘ ਕੰਮੋਕੇ, ਬਲਜਿੰਦਰ ਸਿੰਘ ਥਾਂਦੇ, ਜੋਧਬੀਰ ਸਿੰਘ ਜੱਲੂਪੁਰ, ਦਰਸ਼ਨ ਸਿੰਘ ਸ਼ਿਵਾਲਿਕ, ਐਡਵੋਕੇਟ ਇਮਾਨ ਸਿੰਘ ਖਾਰਾ, ਪ੍ਰਿਥੀਪਾਲ ਸਿੰਘ, ਜਗਰੂਪ ਸਿੰਘ ਖ਼ਾਲਸਾ, ਅਮਨਦੀਪ ਸਿੰਘ ਹਸਨਪੁਰ, ਰੋਹਿਤ ਖੁੱਲਰ, ਦਲਜੀਤ ਸਿੰਘ ਜਵੰਦਾ, ਲਖਵਿੰਦਰ ਸਿੰਘ ਲੋਟ, ਲਖਬੀਰ ਸਿੰਘ ਕੋਟਲਾ, ਜਸਵਿੰਦਰ ਸਿੰਘ ਡਰੌਲੀ, ਰਸ਼ਪਾਲ ਸਿੰਘ ਸੋਸਣ, ਜੁਗਰਾਜ ਸਿੰਘ ਲਾਲਾਨੰਗਲ, ਸੁਖਬੀਰ ਸਿੰਘ ਚੀਮਾ, ਜਰਮਨਜੀਤ ਸਿੰਘ ਸਰਾਏ, ਸਰਪੰਚ ਹਰਜਿੰਦਰ ਸਿੰਘ ਜ਼ੀਰਾ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਪਰਮਜੀਤ ਸਿੰਘ ਅਕਾਲੀ, ਬਾਬਾ ਬਿਬੇਕ ਸਿੰਘ, ਬਾਬਾ ਰਾਜਾ ਰਾਜ ਸਿੰਘ, ਗੰਗਵੀਰ ਸਿੰਘ ਰਾਠੌੜ, ਬਲਦੇਵ ਸਿੰਘ ਜੱਲੂਪੁਰ, ਸਕੱਤਰ ਸਿੰਘ ਉਸਮਾ, ਭਾਈ ਕੇਵਲ ਸਿੰਘ ਮਹਿਤਾ, ਸੁਖਰਾਜ ਸਿੰਘ ਸੁਲਤਾਨਵਿੰਡ, ਰਣਜੋਧ ਸਿੰਘ ਜਲਾਲਉਸਮਾ, ਜਗਦੇਵ ਸਿੰਘ  ਜੱਗੀ ਚੌਂਦਾ, ਇਕਬਾਲ ਸਿੰਘ ਸੰਧੂ, ਗੁਰਚਰਨ ਸਿੰਘ ਸੰਘਾ, ਪਰਮਜੀਤ ਸਿੰਘ ਵਣੀਏਕੇ, ਦਲਜੀਤ ਸਿੰਘ ਮਿਆਦੀਆਂ, ਜਸਕਰਨ ਸਿੰਘ ਲੋਪੋਕੇ, ਹਰਜਿੰਦਰ ਸਿੰਘ ਜੌਹਲ, ਜੁਗਰਾਜ ਸਿੰਘ ਭੰਗਵਾਂ, ਗੁਰਦੇਵ ਸਿੰਘ ਸੰਧੂ, ਬਿਕਰਮਜੀਤ ਸਿੰਘ ਕੋਟਲਾ, ਹਰਕਮਲਪ੍ਰੀਤ ਸਿੰਘ, ਦਰਸ਼ਨ ਸਿੰਘ ਜਗਤਪੁਰਾ, ਅਮਨਦੀਪ ਸਿੰਘ ਨਾਰਲੀ, ਰਜਿੰਦਰ ਸਿੰਘ ਤਲਵੰਡੀ, ਡਾ. ਬਰਿੰਦਰ ਸਿੰਘ, ਭਾਈ ਰੱਬੀ ਕੰਧੋਲਾ, ਸਰਪੰਚ ਬਲਜੀਤ ਸਿੰਘ ਚਾਟੀਵਿੰਡ ਸਮੇਤ ਪਾਰਟੀ ਆਗੂ, ਵਰਕਰ ਤੇ ਸਮਰਥਕ ਹਾਜ਼ਰ ਸਨ।

ਪਿਛਲੀ ਖ਼ਬਰ ਪੈਂਗੁਇਨ ਵਲੋਂ ਸੋਨੀਆ ਗਾਂਧੀ ਦੀ ਕਿਤਾਬ ਛਾਪਣ ਤੋਂ ਇਨਕਾਰ ਅਗਲੀ ਖ਼ਬਰ ਕਾਂਗਰਸ ਦੀ ਕਾਨਫ਼ਰੰਸ ’ਚ ਚੰਨੀ ਨੇ ਸਰਕਾਰ ਨੂੰ ਲਾਏ ਰਗੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।