ਅੰਮ੍ਰਿਤਸਰ, 29 ਅਗਸਤ (ਸੁਰਿੰਦਰ ਕੋਛੜ)-ਸਾਊਦੀ ਅਰਬ ਤੇ ਤੁਰਕੀ ਨਾਲ ‘ਮੱਕਾ ਰੱਖਿਆ ਸਮਝੌਤੇ’ ’ਚ ਸ਼ਾਮਿਲ ਹੋਣ ਤੋਂ ਬਾਅਦ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦਾ ਧਿਆਨ ਹਥਿਆਰਾਂ ਦਾ ਉਤਪਾਦਨ ਵਧਾਉਣ ’ਤੇ ਹੈ । ਇਸੇ ਤਹਿਤ ਜਨਰਲ ਮੁਨੀਰ ਨੇ ਅੱਜ ਸਵੇਰੇ ਵਾਹ ਛਾਉਣੀ ਸਥਿਤ ਪਾਕਿਸਤਾਨ ਆਰਡੀਨੈਂਸ ਫ਼ੈਕਟਰੀ (ਪੀ. ਓ. ਐੱਫ.) ਦਾ ਦੌਰਾ ਕੀਤਾ । ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਦੱਸਿਆ ਕਿ ਫ਼ੀਲਡ ਮਾਰਸ਼ਲ ਮੁਨੀਰ ਨੇ ਫ਼ੈਕਟਰੀ ਦੀ ਉਤਪਾਦਨ ਸਮਰੱਥਾ ਦਾ ਜਾਇਜ਼ਾ ਲਿਆ ਤੇ ਫ਼ੈਕਟਰੀਆਂ ਨੂੰ ਤੇਜ਼ੀ ਨਾਲ ਹਥਿਆਰ ਤਿਆਰ ਰੱਖਣ ਦੇ ਹੁਕਮ ਦਿੱਤੇ । ਆਈ. ਐੱਸ. ਪੀ. ਆਰ. ਵਲੋਂ ਜਾਰੀ ਬਿਆਨ ਅਨੁਸਾਰ ਇਸ ਦੌਰੇ ਦਾ ਮੁੱਖ ਮਕਸਦ ਹਥਿਆਰ ਫ਼ੈਕਟਰੀ ਦੀ ਉਤਪਾਦਨ ਸਮਰਥਾ, ਬਰਾਮਦ ਦੀਆਂ ਸੰਭਾਵਨਾਵਾਂ ਤੇ ਦੇਸ਼ ਦੇ ਰੱਖਿਆ ਖੇਤਰ ’ਚ ਇਸ ਦੇ ਯੋਗਦਾਨ ਦੀ ਸਮੀਖਿਆ ਕਰਨਾ ਸੀ ।
ਦੌਰੇ ਦੌਰਾਨ ਫ਼ੌਜ ਮੁਖੀ ਨੂੰ ਵੱਖ-ਵੱਖ ਮਿਲਟਰੀ ਸਾਜ਼ੋ-ਸਾਮਾਨ ਦੇ ਘਰੇਲੂ ਵਿਕਾਸ ਅਤੇ ਉਤਪਾਦਨ ਰਾਹੀਂ ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨ ’ਚ ਫ਼ੈਕਟਰੀ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ ਗਿਆ । ਆਸਿਮ ਮੁਨੀਰ ਨੇ ਫ਼ੈਕਟਰੀ ’ਚ ਡਿਜ਼ਾਈਨ ਅਤੇ ਤਿਆਰ ਕੀਤੇ ਗਏ ਨਵੇਂ ਹਥਿਆਰਾਂ ਤੇ ਗੋਲਾ-ਬਾਰੂਦ ਦੇ ਟੈਸਟ ਅਤੇ ਟ੍ਰਾਇਲ ਵੀ ਵੇਖੇ । ਜਨਰਲ ਮੁਨੀਰ ਵਲੋਂ ਹਥਿਆਰ ਫ਼ੈਕਟਰੀ ਦਾ ਇਹ ਦੌਰਾ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਪਾਕਿ ਨੇ ਹਾਲ ਹੀ ’ਚ ਸਾਊਦੀ ਅਰਬ ਅਤੇ ਤੁਰਕੀ ਨਾਲ ਮਿਲ ਕੇ ਮੱਕਾ ਸਮਝੌਤੇ ‘ਨਾਟੋ’ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ’ਚ ਨਿਯਮ ਹੈ ਕਿ ਕਿਸੇ ਇਕ ਮੈਂਬਰ ਦੇਸ਼ ’ਤੇ ਹਮਲੇ ਨੂੰ ਸਾਰੇ ਮੈਂਬਰ ਦੇਸ਼ਾਂ ’ਤੇ ਹਮਲਾ ਮੰਨਿਆ ਜਾਵੇਗਾ ।