ਨਵੀਂ ਦਿੱਲੀ, 4 ਸਤੰਬਰ (ਜਗਤਾਰ ਸਿੰਘ)-ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ) ਕਾਰਕੁੰਨ ਨੀਸ਼ੂ ਆਜ਼ਾਦ ਦੇ ਪਿਤਾ ਨਾਲ ਕੁੱਟਮਾਰ ਮਾਮਲੇ ’ਚ ਸੀ.ਜੇ.ਪੀ ਨੇ ਸ਼ੁੱਕਰਵਾਰ ਨੂੰ ਸੰਸਦ ਮਾਰਗ ਪੁਲਿਸ ਥਾਣੇ ਦੇ ਬਾਹਰ ਕਰੀਬ 3 ਘੰਟੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੀ.ਜੇ.ਪੀ ਵਲੋਂ ਮੰਗ ਕੀਤੀ ਗਈ ਕਿ ਦੋਸ਼ੀ ਸਵਤੰਤਰ ਭਾਰਦਵਾਜ ਦੇ ਖ਼ਿਲਾਫ਼ ਤੁਰੰਤ ਕਾਰਵਾਈ ਹੋਵੇ। ਪੁਲਿਸ ਨੇ ਸੀ.ਜੇ.ਪੀ. ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਦੋਸ਼ੀ ਨੂੰ 72 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕੀਤਾ ਜਾਵੇਗਾ। ਦਿੱਲੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਕੁੱਝ ਘੰਟਿਆਂ ਬਾਅਦ ਹੀ ਦੋਸ਼ੀ ਸਵਤੰਤਰ ਭਾਰਦਵਾਜ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਪ੍ਰਦਰਸ਼ਨ ਵਿਚ ਸੀ.ਜੇ.ਪੀ ਦੇ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਤੋਂ ਇਲਾਵਾ ਸੰਸਦ ਮੈਂਬਰ ਪੱਪੂ ਯਾਦਵ ਤੇ ਚੰਦਰਸ਼ੇਖਰ ਸਮੇਤ ਹੋਰਨਾਂ ਨੇ ਵੀ ਸ਼ਮੂਲੀਅਤ ਕੀਤੀ।
ਸੰਸਦ ਮਾਰਗ ਥਾਣੇ ’ਚ ਭਾਰੀ ਹੰਗਾਮੇ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਦੀ ਮੰਗ ਮੰਨ ਲਈ। ਜੰਤਰ ਮੰਤਰ ’ਤੇ ਹੋਏ ਪ੍ਰਦਰਸ਼ਨ ਦੇ ਦੌਰਾਨ ਨੀਸ਼ੂ ਆਜ਼ਾਦ ਦੇ ਪਿਤਾ ਸੰਜੇ ਆਜ਼ਾਦ ਨਾਲ ਕਥਿਤ ਕੁੱਟਮਾਰ ਦੇ ਮਾਮਲੇ ’ਚ ਮੁਲਜ਼ਮ ਸਵਤੰਤਰ ਭਾਰਦਵਾਜ ਅਤੇ ਉਸ ਦੇ ਸਾਥੀਆਂ ’ਤੇ ਦਰਜ ਕੀਤੀ ਗਈ ਐੱਫ਼.ਆਈ.ਆਰ. ਵਿਚ ਦਿੱਲੀ ਪੁਲਿਸ ਨੇ ਐਸਸੀ/ਐਸਟੀ ਐਕਟ ਦੀ ਧਾਰਾ ਜੋੜ ਦਿੱਤੀ ਹੈ। ਉਸ ਖ਼ਿਲਾਫ਼ ਪੋਕਸੋ ਐਕਟ ਤਹਿਤ ਵੀ ਇਕ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਜੋੜਨ ਸੰਬੰਧੀ ਡਾਕਟਰ ਤੋਂ ਸਲਾਹ ਲੈਣ ਅਤੇ ਦੁਬਾਰਾ ਮੈਡੀਕਲ ’ਤੇ ਵਿਚਾਰ ਕਰਕੇ ਉਸ ਹਿਸਾਬ ਨਾਲ ਧਾਰਾ ਵਧਾਉਣ ਦੀ ਗੱਲ ਆਖੀ ਗਈ। ਸੀ.ਜੇ.ਪੀ ਆਗੂ ਸੌਰਵ ਦਾਸ ਮੁਤਾਬਿਕ ਸੰਜੇ ਕੁਮਾਰ ‘ਤੇ ਹੋਏ ਕਥਿਤ ਹਮਲੇ ਵਿਚ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ, ਪਰ ਡੇਢ ਮਹੀਨੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਖ਼ੁਦ ਨੂੰ ਕੱਟੜ ਹਿੰਦੂ ਦੱਸਣ ਵਾਲੇ ਸਵਤੰਤਰ ਭਾਰਦਵਾਜ ਨੇ ਇੱਕ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਉਸ ਨੇ ਨਿਸ਼ੂ ਦੇ ਪਿਤਾ ਦੇ ਸਿਰ ’ਤੇ ਹਮਲਾ ਕੀਤਾ ਸੀ ਅਤੇ ਆਪਣੇ ਸਿਆਸੀ ਸੰਬੰਧਾਂ ਕਾਰਨ ਉਹ ਇਸ ਮਾਮਲੇ ’ਚ ਬਚ ਗਿਆ।