06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਲੋਚ ਲਿਬਰੇਸ਼ਨ ਆਰਮੀ ਨੇ ਬਲੋਚਿਸਤਾਨ ’ਚ ਮਚਾਈ ਤਬਾਹੀ ਧਮਾਕਿਆਂ ’ਚ ਪਾਕਿ ਫ਼ੌਜ ਦੇ 25 ਜਵਾਨਾਂ ਦੀ ਮੌਤ

ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਸਰਗਰਮ ਹਥਿਆਰਬੰਦ ਬਾਗ਼ੀ ਸੰਗਠਨ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਇਕ ਵਾਰ ਫਿਰ ਪਾਕਿਸਤਾਨੀ ਫ਼ੌਜ ’ਤੇ ਭਿਆਨਕ ਹਮਲੇ ਤੇਜ਼ ਕਰ ਦਿੱਤੇ ਹਨ। ਸੂਬੇ ਦੇ ਦੋ ਵੱਖ-ਵੱਖ ...

ਅਜੀਤ ਡੈਸਕ 06-09-2026

ਅੰਮ੍ਰਿਤਸਰ, 5 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਸਰਗਰਮ ਹਥਿਆਰਬੰਦ ਬਾਗ਼ੀ ਸੰਗਠਨ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਇਕ ਵਾਰ ਫਿਰ ਪਾਕਿਸਤਾਨੀ ਫ਼ੌਜ ’ਤੇ ਭਿਆਨਕ ਹਮਲੇ ਤੇਜ਼ ਕਰ ਦਿੱਤੇ ਹਨ। ਸੂਬੇ ਦੇ ਦੋ ਵੱਖ-ਵੱਖ ਇਲਾਕਿਆਂ ਜ਼ਿਆਰਤ ਕਰਾਸ ਅਤੇ ਸੁਰਾਬ ਦੇ ਹਾਜ਼ੀਕਾ ਖੇਤਰ ’ਚ ਪਾਕਿਸਤਾਨੀ ਸੁਰੱਖਿਆ ਬਲਾਂ ’ਤੇ ਕੀਤੇ ਗਏ ਇਨ੍ਹਾਂ ਹਮਲਿਆਂ ਦੌਰਾਨ ਬੀ. ਐੱਲ. ਏ. ਨੇ ਫ਼ੌਜ ਦੇ ਕੁੱਲ 25 ਜਵਾਨਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਲਈ ਇਸ ਘਟਨਾ ਨੂੰ ਇਕ ਵੱਡੀ ਚੁਣੌਤੀ ਵਜੋਂ ਵੇਖਿਆ ਜਾ ਰਿਹਾ ਹੈ। ਬੀ. ਐੱਲ. ਏ. ਵਲੋਂ ਜਾਰੀ ਬਿਆਨ ਮੁਤਾਬਿਕ ਜ਼ਿਆਰਤ ਕਰਾਸ ਦੇ ਨੇੜੇ ਇਕ ਹਫ਼ਤੇ ਦੇ ਅੰਦਰ ਇਹ ਤੀਜਾ ਵੱਡਾ ਹਮਲਾ ਹੈ।

ਸੰਗਠਨ ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਫ਼ੌਜੀ ਟਰੱਕ ਸਮੇਤ ਚਾਰ ਗੱਡੀਆਂ ਦੇ ਕਾਫ਼ਲੇ ਨੂੰ ਘੇਰ ਲਿਆ। ਇਸ ਹਮਲੇ ਵਿਚ ਦੋ ਫ਼ੌਜੀ ਗੱਡੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਸੰਗਠਨ ਅਨੁਸਾਰ ਮੌਕੇ ’ਤੇ 18 ਪਾਕਿਸਤਾਨੀ ਜਵਾਨ ਮਾਰੇ ਗਏ, ਜਦਕਿ ਪੰਜ ਜ਼ਖ਼ਮੀ ਹਾਲਤ ਵਿਚ ਬਚ ਕੇ ਨਿਕਲਣ ਵਿਚ ਕਾਮਯਾਬ ਰਹੇ। ਬੀ. ਐੱਲ. ਏ. ਨੇ ਦੱਸਿਆ ਕਿ ਇਹ ਕਾਰਵਾਈ ਸੰਗਠਨ ਦੇ ਫ਼ਤਹਿ ਸਕੂਐਡ ਨੇ ਕੀਤੀ ਅਤੇ ਪਾਕਿਸਤਾਨੀ ਫ਼ੌਜੀਆਂ ਦੇ ਹਥਿਆਰ ਵੀ ਜ਼ਬਤ ਕਰ ਲਏ ਗਏ। ਇਸ ਦੌਰਾਨ ਸੁਰਾਬ ਦੇ ਹਾਜ਼ੀਕਾ ਖੇਤਰ ’ਚ ਕੀਤੇ ਗਏ ਦੂਜੇ ਹਮਲੇ ਵਿਚ 7 ਹੋਰ ਸੁਰੱਖਿਆ ਮੁਲਾਜ਼ਮ ਮਾਰੇ ਗਏ।

ਇੱਥੇ ਬੀ. ਐੱਲ. ਏ. ਦੇ ਸਪੈਸ਼ਲ ਟੈਕਨੀਕਲ ਆਪ੍ਰੇਸ਼ਨਜ਼ ਸਕੂਐਡ ਨੇ ਵਿਸਫੋਟਕਾਂ ਨਾਲ ਭਰੀ ਗੱਡੀ ਰਾਹੀਂ ਰਿਮੋਟ-ਕੰਟਰੋਲਡ ਧਮਾਕਾ ਕਰਕੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ। ਪ੍ਰਾਪਤ ਵੇਰਵਿਆਂ ਅਨੁਸਾਰ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਭਾਲ ਲਈ ਆਸ-ਪਾਸ ਦੇ ਇਲਾਕਿਆਂ ‘ਚ ਵੱਡੀ ਤਲਾਸ਼ੀ ਮੁਹਿੰਮ (ਸਰਚ ਆਪ੍ਰੇਸ਼ਨ) ਸ਼ੁਰੂ ਕਰ ਦਿੱਤੀ ਹੈ। ਉੱਥੋਂ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸਰਚ ਆਪ੍ਰੇਸ਼ਨ ਦੌਰਾਨ ਵੀ ਕਈ ਥਾਵਾਂ ’ਤੇ ਦੁਵੱਲੀ ਗੋਲੀਬਾਰੀ ਹੋਣ ਦੀ ਜਾਣਕਾਰੀ ਮਿਲੀ ਹੈ।  ਪਾਕਿਸਤਾਨੀ ਫ਼ੌਜ ’ਤੇ ਜਾਰੀ ਰਹਿਣਗੀਆਂ ਕਾਰਵਾਈਆਂ : ਬਲੋਚਿਸਤਾਨ ਦੇ ਜ਼ਿਆਰਤ ਜ਼ਿਲ੍ਹੇ ’ਚ ਉਕਤ ਹਮਲੇ ਤੋਂ ਬਾਅਦ ਪਾਕਿ ਦੀ ਫ਼ਰੰਟੀਅਰ ਕੋਰ (ਐੱਫ਼. ਸੀ.) ਦੇ ਮਾਰੇ ਗਏ ਜਵਾਨਾਂ ਦੇ ਅੰਤਿਮ ਜਨਾਜ਼ੇ ਦੀ ਇਕ ਵੀਡੀਓ ਸਾਹਮਣੇ ਆਈ ਹੈ।

ਵੀਡੀਓ ’ਚ ਮਾਰੇ ਗਏ ਸੁਰੱਖਿਆ ਮੁਲਾਜ਼ਮਾਂ ਦੀਆਂ ਦੇਹਾਂ ਪਾਕਿਸਤਾਨੀ ਰਾਸ਼ਟਰੀ ਝੰਡੇ ’ਚ ਲਪੇਟੀਆਂ ਵਿਖਾਈ ਦੇ ਰਹੀਆਂ ਹਨ। ਹਮਲੇ ਦੀ ਇਕ ਹੋਰ ਵੀਡੀਓ ਫੁਟੇਜ ’ਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਤੇ ਫ਼ੌਜੀ ਵਾਹਨਾਂ ਨੂੰ ਤਬਾਹ ਹੁੰਦੇ ਵਿਖਾਇਆ ਗਿਆ ਹੈ। ਹਮਲੇ ਤੋਂ ਬਾਅਦ ਬਲੋਚ ਲਿਬਰੇਸ਼ਨ ਆਰਮੀ ਦੇ ਕਮਾਂਡਰ-ਇਨ-ਚੀਫ਼ ਬਸ਼ੀਰ ਜ਼ੇਬ ਬਲੋਚ ਨੇ ਬਲੋਚਿਸਤਾਨ ’ਚ ਕਬਜ਼ਾਧਾਰੀ ਪਾਕਿਸਤਾਨੀ ਫ਼ੌਜ ਨੂੰ ਚਿਤਾਵਨੀ ਦਿੱਤੀ ਕਿ ਫ਼ੌਜ ਨੂੰ ਸੂਬੇ ’ਚੋਂ ਬਾਹਰ ਕੱਢਣ ਤੱਕ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

ਪਿਛਲੀ ਖ਼ਬਰ ਸਚਿਨ ਪਾਇਲਟ ਹੋਣਗੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ’ਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਅਧਿਆਪਕ-ਰਾਸ਼ਟਰਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।